ਕਿਸਾਨਾਂ ਨੂੰ ਸਬਸਿਡੀ ਦੀ ਬਜਾਏ ਮਿਲੇਗਾ ਕੈਸ਼, 70 ਹਜ਼ਾਰ ਕਰੋੜ ਖਰਚੇਗੀ ਸਰਕਾਰ

01/21/2019 3:08:32 PM

ਨਵੀਂ ਦਿੱਲੀ— ਹੁਣ ਜਲਦ ਹੀ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਦੇ ਖਾਤੇ 'ਚ ਇਕ ਨਿਸ਼ਚਿਤ ਰਾਸ਼ੀ ਮਿਲੇਗੀ। ਸੂਤਰਾਂ ਮੁਤਾਬਕ, ਮੋਦੀ ਸਰਕਾਰ ਖੇਤੀਬਾੜੀ 'ਤੇ ਵੱਖ-ਵੱਖ ਸਬਸਿਡੀ ਦੇਣ ਦੀ ਬਜਾਏ ਕਿਸਾਨਾਂ ਨੂੰ ਨਕਦ ਟਰਾਂਸਫਰ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਖਾਦ ਲਾਗਤ ਸਮੇਤ ਸਾਰੇ ਤਰ੍ਹਾਂ ਦੀ ਖੇਤੀ ਸਬਸਿਡੀਜ਼ ਨੂੰ ਕਲੱਬ ਕਰਨ ਅਤੇ ਇਸ ਦੀ ਬਜਾਏ ਕਿਸਾਨਾਂ ਨੂੰ ਸਿੱਧੇ ਨਕਦ ਪੈਸੇ ਟਰਾਂਸਫਰ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਪੈਕੇਜ ਨਾਲ ਸਰਕਾਰ 'ਤੇ ਹਰ ਸਾਲ ਤਕਰੀਬਨ 70,000 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਦਾ ਅੰਦਾਜ਼ਾ ਹੈ, ਜੋ ਕਿ ਸੀਮਤ ਹੋਵੇਗਾ।

ਵਿੱਤ ਮੰਤਰੀ ਅਰੁਣ ਜੇਟਲੀ ਨੇ 31 ਮਾਰਚ ਨੂੰ ਖਤਮ ਹੋ ਰਹੇ ਵਿੱਤੀ ਸਾਲ ਤਕ ਖੇਤੀਬਾੜੀ ਸਬਸਿਡੀ ਲਈ 70,100 ਕਰੋੜ ਰੁਪਏ ਦਾ ਬਜਟ ਰੱਖਿਆ ਸੀ। ਹਾਲ ਹੀ 'ਚ ਨੀਤੀ ਆਯੋਗ ਨੇ ਵੀ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਖਾਦ, ਬਿਜਲੀ, ਫਸਲ ਬੀਮਾ, ਸਿੰਚਾਈ ਅਤੇ ਵਿਆਜ 'ਤੇ ਸਬਸਿਡੀ ਦੀ ਜਗ੍ਹਾ ਕਿਸਾਨਾਂ ਲਈ ਇਨਕਮ ਟਰਾਂਸਫਰ ਸਕੀਮ ਸ਼ੁਰੂ ਕੀਤੀ ਜਾ ਸਕਦੀ ਹੈ।
ਫਸਲਾਂ ਦਾ ਸਮਰਥਨ ਮੁੱਲ ਡੇਢ ਗੁਣਾ ਕਰਨ ਦੇ ਬਾਵਜੂਦ ਤਿੰਨ ਰਾਜਾਂ 'ਚ ਹੋਈ ਭਾਜਪਾ ਦੀ ਹਾਰ ਕਾਰਨ ਮੋਦੀ ਸਰਕਾਰ ਹੁਣ ਨਕਦ ਟਰਾਂਸਫਰ ਯੋਜਨਾ 'ਤੇ ਵਿਚਾਰ ਕਰ ਰਹੀ ਹੈ ਤਾਂ ਕਿ ਕਿਸਾਨਾਂ ਦੇ ਹੱਥ 'ਚ ਨਕਦੀ ਦੀ ਕਮੀ ਨਾ ਹੋਵੇ ਪਰ ਸਰਕਾਰ ਲਈ ਇਹ ਥੋੜ੍ਹਾ ਮੁਸ਼ਕਲ ਵੀ ਹੋ ਸਕਦਾ ਹੈ ਕਿਉਂਕਿ ਸਾਲਾਨਾ ਬਜਟ ਦੇ ਵਿੱਤੀ ਟੀਚੇ ਨੂੰ ਉਹ ਪਹਿਲਾਂ ਹੀ ਪਾਰ ਕਰ ਚੁੱਕੀ ਹੈ ਅਤੇ ਮੌਜੂਦਾ ਵਿੱਤੀ ਸਾਲ ਦੇ ਬਾਕੀ ਮਹੀਨਿਆਂ 'ਚ ਖਰਚ ਕਰਨ ਲਈ ਉਸ ਕੋਲ ਬਹੁਤ ਘੱਟ ਜਗ੍ਹਾ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ 31 ਮਾਰਚ ਨੂੰ ਖਤਮ ਹੋ ਰਹੇ ਵਿੱਤੀ ਸਾਲ 'ਚ ਇਸ ਵਾਧੂ ਖਰਚ ਨਾਲ ਰਾਸ਼ਟਰ ਦੇ ਵਿੱਤੀ ਘਾਟੇ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।


Related News