ਪੱਪੂ ਯਾਦਵ ਨੂੰ ਪੁਲਸ ਨੇ ਗੱਡੀ ਤੋਂ ਲਾਹਿਆ, 50 ਹਜ਼ਾਰ ਕੈਸ਼ ਬਰਾਮਦ

Thursday, Apr 25, 2024 - 07:56 PM (IST)

ਪੱਪੂ ਯਾਦਵ ਨੂੰ ਪੁਲਸ ਨੇ ਗੱਡੀ ਤੋਂ ਲਾਹਿਆ, 50 ਹਜ਼ਾਰ ਕੈਸ਼ ਬਰਾਮਦ

ਪੂਰਨੀਆ- ਬਿਹਾਰ ਦੇ ਪੂਰਨੀਆ ਵਿਚ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਇਕ ਦਿਨ ਪਹਿਲਾਂ ਸਿਆਸੀ ਹੰਗਾਮਾ ਮਚ ਗਿਆ ਹੈ। ਆਜ਼ਾਦ ਉਮੀਦਵਾਰ ਪੱਪੂ ਯਾਦਵ ਨੂੰ ਕਟਿਹਾਰ ’ਚ ਪੁਲਸ ਨੇ ਉਨ੍ਹਾਂ ਦੀ ਗੱਡੀ ਤੋਂ ਹੇਠਾਂ ਲਾਹ ਦਿੱਤਾ। ਉਨ੍ਹਾਂ ਦੀ ਗੱਡੀ ’ਚੋਂ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਨਾਲ ਹੀ ਉਨ੍ਹਾਂ ਦੀਆਂ 4 ਗੱਡੀਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ। ਐੱਸ. ਪੀ. ਜਤਿੰਦਰ ਕੁਮਾਰ ਅਨੁਸਾਰ ਪੱਪੂ ਯਾਦਵ ਬਿਨਾਂ ਇਜਾਜ਼ਤ ਚੋਣ ਹਲਕੇ ਵਿਚ ਵਾਹਨਾਂ ਵਿਚ ਘੁੰਮ ਰਹੇ ਸਨ। ਇਸ ਲਈ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ। ਇਸ ਮਾਮਲੇ ’ਚ ਉਨ੍ਹਾਂ ਦੇ ਖਿਲਾਫ ਐੱਫ. ਆਈ. ਆਰ. ਵੀ ਦਰਜ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਲਸ ਅਤੇ ਪ੍ਰਸ਼ਾਸਨ ਦੀ ਕਾਰਵਾਈ ਖਿਲਾਫ ਪੱਪੂ ਯਾਦਵ ਆਪਣੇ ਸਮਰਥਕਾਂ ਨਾਲ ਸੜਕ ’ਤੇ ਧਰਨੇ ’ਤੇ ਬੈਠੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਨਿਯਮਾਂ ਦੀ ਅਣਦੇਖੀ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਉਹ ਸੜਕ ’ਤੇ ਹੀ ਬੈਠੇ ਹੋਏ ਸਨ। ਇਸ ਕਾਰਨ ਆਵਾਜਾਈ ਵਿਚ ਵੀ ਵਿਘਨ ਪੈ ਰਿਹਾ ਸੀ।


author

Rakesh

Content Editor

Related News