ਮੋਬਾਇਲ ਫੋਨ ਅਤੇ ਕੱਪੜਿਆਂ ’ਤੇ ਵਧੇਗਾ ਜੀ. ਐੱਸ. ਟੀ.!

12/14/2019 10:22:31 PM

ਨਵੀਂ ਦਿੱਲੀ(ਬੀ.)-ਜੀ. ਐੱਸ. ਟੀ. ਕੌਂਸਲ ਅਗਲੇ ਹਫ਼ਤੇ ਮੋਬਾਇਲ ਫੋਨ ਅਤੇ ਕੱਪੜਿਆਂ ’ਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਦਰ ਵਧਾ ਸਕਦੀ ਹੈ। ਕੌਂਸਲ ਮਾਲੀਆ ਪ੍ਰਾਪਤੀ (ਰੈਵੇਨਿਊ ਕੁਲੈਕਸ਼ਨ) ਵਧਾਉਣ ਲਈ ਉਲਟੇ ਟੈਕਸ ਢਾਂਚੇ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਿਆਰ ਉਤਪਾਦ ਦੇ ਮੁਕਾਬਲੇ ਇਨਪੁਟ ’ਤੇ ਟੈਕਸ ਦੀ ਜ਼ਿਆਦਾ ਦਰ ਦੇ ਢਾਂਚੇ ਕਾਰਣ ਵੱਡੀ ਮਾਤਰਾ ’ਚ ਇਨਪੁਟ ਟੈਕਸ ਕ੍ਰੈਡਿਟ ਜਾ ਰਿਹਾ ਹੈ। ਉਹ ਹੋਰ ਉਤਪਾਦ ਜਿਨ੍ਹਾਂ ’ਚ ਉਲਟਾ ਟੈਕਸ ਢਾਂਚਾ ਹੈ, ਉਨ੍ਹਾਂ ’ਚ ਕੱਪੜੇ ਦੇ ਥੈਲੇ, ਜੁੱਤੇ, ਟਰੈਕਟਰ ਆਦਿ ਸ਼ਾਮਲ ਹਨ।

ਮੋਬਾਇਲ ਫੋਨ ’ਤੇ ਜੀ. ਐੱਸ. ਟੀ. ਦੀ ਦਰ 12 ਫ਼ੀਸਦੀ ਹੈ, ਜਦੋਂ ਕਿ ਫੋਨ ਦੇ ਪੁਰਜ਼ਿਆਂ ਅਤੇ ਬੈਟਰੀਆਂ ’ਤੇ ਦਰ 18 ਫ਼ੀਸਦੀ ਹੈ। ਇਸ ਦੀ ਵਜ੍ਹਾ ਨਾਲ ਇਨ੍ਹਾਂ ’ਚ ਉਲਟਾ ਟੈਕਸ ਢਾਂਚਾ ਹੈ। ਇਸ ਨਾਲ ਬੇਕਾਰ ਇਨਪੁਟ ਟੈਕਸ ਕ੍ਰੈਡਿਟ ਦਾ ਮਾਮਲਾ ਪੈਦਾ ਹੁੰਦਾ ਹੈ ਤੇ ਇਸ ਲਈ ਸਰਕਾਰ ਨੂੰ ਰੀਫੰਡ ਜਾਰੀ ਕਰਨਾ ਪੈਂਦਾ ਹੈ। ਪਿਛਲੇ ਸਾਲ ਇਕ ਫੋਨ ਨਿਰਮਾਤਾ ਨੇ ਹੀ ਲਗਭਗ 4100 ਕਰੋਡ਼ ਰੁਪਏ ਦੇ ਰੀਫੰਡ ਦਾ ਦਾਅਵਾ ਕੀਤਾ ਸੀ। ਯਾਨੀ ਸਰਕਾਰ ਦੀ ਉਲਟੇ ਟੈਕਸ ਢਾਂਚੇ ਨੂੰ ਸਹੀ ਕਰਨ ਤੋਂ ਬਾਅਦ ਮੋਬਾਇਲ ਫੋਨ ਅਤੇ ਕੱਪੜਿਆਂ ’ਤੇ ਜੀ. ਐੱਸ. ਟੀ. ਵਧ ਸਕਦਾ ਹੈ।

ਉਲਟੇ ਟੈਕਸ ਢਾਂਚੇ ਦੇ ਮਸਲੇ ਨੂੰ ਹੱਲ ਕੀਤਾ ਜਾਣਾ ਜ਼ਰੂਰੀ

ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਉਲਟੇ ਟੈਕਸ ਢਾਂਚੇ ਦੇ ਮਸਲੇ ਨੂੰ ਹੱਲ ਕੀਤਾ ਜਾਣਾ ਜ਼ਰੂਰੀ ਹੈ। ਇਸ ਨਾਲ ਰੀਫੰਡ ਦੇ ਰੂਪ ’ਚ ਵੱਡੀ ਰਾਸ਼ੀ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਮੋਬਾਇਲ ਫੋਨ, ਕੱਪੜੇ ਅਤੇ ਹੋਰ ਚੀਜ਼ਾਂ ’ਤੇ ਦਰਾਂ ’ਚ ਸੋਧ ਕੀਤੀ ਜਾ ਸਕਦੀ ਹੈ। ਇਕ ਰਜਿਸਟਰਡ ਕਰਦਾਤਾ ਇਨਪੁਟ ’ਤੇ ਜ਼ਿਆਦਾ ਟੈਕਸ ਅਤੇ ਤਿਆਰ ਉਤਪਾਦ ’ਤੇ ਘੱਟ ਟੈਕਸ ਕਾਰਣ ਬਿਨਾਂ ਦਾਅਵਾ ਕੀਤੇ ਗਏ ਆਈ. ਟੀ. ਸੀ. ਦੇ ਰੀਫੰਡ ਦਾ ਦਾਅਵਾ ਕਰ ਸਕਦਾ ਹੈ। ਇਸੇ ਤਰ੍ਹਾਂ ਕੱਪੜੇ ’ਤੇ ਜੀ. ਐੱਸ. ਟੀ. ਦੀ ਦਰ 5 ਫ਼ੀਸਦੀ ਹੈ, ਜਦੋਂ ਕਿ ਵੱਖ-ਵੱਖ ਤਰ੍ਹਾਂ ਦੇ ਧਾਗਿਆਂ ’ਤੇ 12 ਫ਼ੀਸਦੀ ਟੈਕਸ ਲੱਗਦਾ ਹੈ।

ਕੱਪੜਿਆਂ ’ਤੇ ਜੀ. ਐੱਸ. ਟੀ. ਦੀ ਦਰ ਹੋ ਸਕਦੀ ਹੈ 12 ਫ਼ੀਸਦੀ

ਜੇਕਰ ਸਾਰੇ ਵਿੱਤ ਮੰਤਰੀ ਸਹਿਮਤ ਹੋ ਜਾਂਦੇ ਹਨ ਤਾਂ ਉਲਟੇ ਟੈਕਸ ਢਾਂਚੇ ਨੂੰ ਸਹੀ ਕਰਨ ਲਈ ਕੱਪੜਿਆਂ ’ਤੇ ਜੀ. ਐੱਸ. ਟੀ. ਦੀ ਦਰ 5 ਤੋਂ ਵਧਾ ਕੇ 12 ਫ਼ੀਸਦੀ ਕੀਤੀ ਜਾ ਸਕਦੀ ਹੈ। ਦਰਅਸਲ ਕੇਂਦਰ ਅਤੇ ਕੁਝ ਸੂਬਿਆਂ ਦੇ ਅਧਿਕਾਰੀਆਂ ਦੀ ਇਕ ਸਬ-ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਉਨ੍ਹਾਂ ਉਤਪਾਦਾਂ ਦੀ ਸੂਚੀ ਤਿਆਰ ਕਰੇਗੀ, ਜਿਨ੍ਹਾਂ ’ਚ ਟੈਕਸ ਦਾ ਢਾਂਚਾ ਉਲਟਾ ਹੈ। ਜੁੱਤਿਆਂ ਦੇ ਮਾਮਲੇ ’ਚ 1000 ਰੁਪਏ ਤੋਂ ਘੱਟ ਕੀਮਤ ਦੇ ਜੁੱਤਿਆਂ ’ਤੇ ਟੈਕਸ ਦੀ ਦਰ 5 ਫ਼ੀਸਦੀ ਹੈ। ਉਥੇ ਹੀ ਅਣ-ਬੁਣੇ ਅਤੇ ਚਮੜੇ ’ਤੇ ਟੈਕਸ 12 ਫ਼ੀਸਦੀ ਹੈ। ਇਸੇ ਤਰ੍ਹਾਂ ਟਰੈਕਟਰ ਦੇ ਪੁਰਜ਼ਿਆਂ ’ਤੇ ਟੈਕਸ 28 ਅਤੇ ਟਰੈਕਟਰ ’ਤੇ 12 ਫ਼ੀਸਦੀ ਹੈ।


Karan Kumar

Content Editor

Related News