ਮਹਿੰਗਾ ਹੋ ਸਕਦਾ ਹੈ ਨਾਰੀਅਲ, ਸਰਕਾਰ ਨੇ MSP ਵਧਾ ਕੇ ਇੰਨਾ ਕੀਤਾ

01/28/2021 2:20:41 PM

ਨਵੀਂ ਦਿੱਲੀ- ਸਰਕਾਰ ਨੇ ਦੱਖਣੀ ਭਾਰਤ ਦੀ ਪ੍ਰਮੁੱਖ ਉਪਜ ਨਾਰੀਅਲ (ਮਿਲਿੰਗ) ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ 375 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਇਸ ਦਾ ਮੁੱਲ ਸਾਲ 2020-21 ਲਈ 10,335 ਰੁਪਏ ਪ੍ਰਤੀ ਕੁਇੰਟਲ ਘੋਸ਼ਿਤ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਮੰਤਰੀ ਮੰਡਲੀ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਦੀ ਬੁੱਧਵਾਰ ਨੂੰ ਹੋਈ ਬੈਠਕ ਵਿਚ ਨਾਰੀਅਲ (ਮਿਲਿੰਗ) ਦਾ ਐੱਮ. ਐੱਸ. ਪੀ. 9,960 ਰੁਪਏ ਤੋਂ ਵਧਾ ਕੇ 10,335 ਰੁਪਏ ਪ੍ਰਤੀ ਕੁਇੰਟਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।

ਬੈਠਕ ਪਿੱਛੋਂ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇੱਥੇ ਪ੍ਰੈਸ ਸੰਮੇਲਨ ਵਿਚ ਦੱਸਿਆ ਕਿ ਨਾਰੀਆਲ ਦਾ ਲਾਗਤ ਮੁੱਲ 6,805 ਰੁਪਏ ਪ੍ਰਤੀ ਕੁਇੰਟਲ ਹੈ, ਜਿਸ ਵਿਚ 52 ਫ਼ੀਸਦੀ ਵਾਧਾ ਕਰਕੇ ਕਿਸਾਨਾਂ ਨੂੰ ਲਾਭਕਾਰੀ ਮੁੱਲ ਦਿੱਤਾ ਗਿਆ ਹੈ। ਜਾਵਡੇਕਰ ਨੇ ਦੱਸਿਆ ਕਿ ਸੁੱਕੇ ਨਾਰੀਅਲ ਦੇ ਮੁੱਲ ਵਿਚ 300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦਾ ਐੱਮ. ਐੱਸ. ਪੀ. 10,600 ਰੁਪਏ ਪ੍ਰਤੀ ਕੁਇੰਟਲ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸਮੁੰਦਰੀ ਤੱਟਾਂ ਦੇ 12 ਸੂਬਿਆਂ ਦੇ ਲੱਖਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ। ਆਮ ਤੌਰ 'ਤੇ ਕਿਸਾਨਾਂ ਦੀ ਨਾਰੀਅਲ ਉਪਜ ਨੂੰ ਨਿੱਜੀ ਪੱਧਰ 'ਤੇ ਖ਼ਰੀਦ ਲਿਆ ਜਾਂਦਾ ਹੈ। ਜੇਕਰ ਬਾਜ਼ਾਰ ਵਿਚ ਉਠਾਈ ਘੱਟ ਹੋਈ ਤਾਂ ਭਾਰਤੀ ਰਾਸ਼ਟਰੀ ਖੇਤੀ ਸਹਿਕਾਰਤਾ ਮਾਰਕੀਟਿੰਗ ਮਹਾਸੰਘ ਅਤੇ ਭਾਰਤੀ ਰਾਸ਼ਟਰੀ ਸਹਿਕਾਰੀ ਖ਼ਪਤਕਾਰ ਮਹਾਸੰਘ ਨਾਰੀਅਲ ਦੀ ਖ਼ਰੀਦ ਕਰਨਗੇ।


Sanjeev

Content Editor

Related News