ਹਵਾਈ ਯਾਤਰਾ ਬੰਦ ਹੋਣ ਨਾਲ ਇੰਨੇ ਕਰੋੜ ਲੋਕਾਂ ਦੀ ਖਤਮ ਹੋ ਜਾਵੇਗੀ ਰੋਜ਼ੀ-ਰੋਟੀ

Tuesday, Apr 07, 2020 - 10:33 PM (IST)

ਹਵਾਈ ਯਾਤਰਾ ਬੰਦ ਹੋਣ ਨਾਲ ਇੰਨੇ ਕਰੋੜ ਲੋਕਾਂ ਦੀ ਖਤਮ ਹੋ ਜਾਵੇਗੀ ਰੋਜ਼ੀ-ਰੋਟੀ

ਨਵੀਂ ਦਿੱਲੀ : ਹਵਾਈ ਯਾਤਰਾ ਬੰਦ ਹੋਣ ਨਾਲ ਇਕੱਲੇ ਇਸ ਸੈਕਟਰ ਵਿਚ 2.50 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਖਤਮ ਹੋਣ ਦਾ ਖਦਸ਼ਾ ਹੈ। ਹਵਾਈ ਇੰਡਸਟਰੀ ਦੀ ਪ੍ਰਤੀਨਿਧੀ ਕਰਨ ਵਾਲੀ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਨੇ ਇਹ ਗੱਲ ਕਹੀ ਹੈ। ਉਸ ਨੇ ਕਿਹਾ ਕਿ ਹਵਾਈ ਫਰਮਾਂ ਦੀ ਵਿੱਤੀ ਸਥਿਤੀ ਇੰਨੀ ਨਾਜ਼ੁਕ ਮੋੜ 'ਤੇ ਹੈ ਕਿ ਗਾਹਕਾਂ ਨੂੰ ਰਿਫੰਡ ਕਰਨ ਦੀ ਤਾਕਤ ਨਹੀਂ ਹੈ। ਸੰਗਠਨ ਨੇ ਸਰਕਾਰਾਂ ਨੂੰ ਇੰਡਸਟਰੀ ਦੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।

ਸੰਗਠਨ ਦਾ ਕਹਿਣਾ ਹੈ ਕਿ ਪ੍ਰਤੱਖ ਤੇ ਅਪ੍ਰਤੱਖ ਰੋਜ਼ਗਾਰ ਮਿਲਾ ਕੇ ਹਵਾਬਾਜ਼ੀ ਖੇਤਰ ਵਿਚ ਤਕਰੀਬਨ 6.55 ਕਰੋੜ ਲੋਕ ਕੰਮ ਕਰਦੇ ਹਨ। ਜੇਕਰ ਹਵਾਈ ਆਵਾਜਾਈ 'ਤੇ ਮੌਜੂਦਾ ਸਖਤ ਪਾਬੰਦੀ ਤਿੰਨ ਮਹੀਨੇ ਵੀ ਰਹੀ ਤਾਂ ਵਿਸ਼ਵ ਭਰ ਵਿਚ 2.5 ਕਰੋੜ ਲੋਕਾਂ ਦਾ ਰੋਜ਼ਗਾਰ ਖਤਮ ਹੋ ਜਾਵੇਗਾ। ਆਈ. ਏ. ਟੀ. ਏ. ਨੇ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਏਅਰਲਾਈਨਾਂ ਨੂੰ ਨਕਦ ਰਿਫੰਡ ਮੁਹੱਈਆ ਕਰਵਾਉਣ ਲਈ ਮਜਬੂਰ ਨਾ ਕਰਨ।

ਸੰਗਠਨ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹੋਏ ਨੁਕਸਾਨ ਤੋਂ ਗਲੋਬਲ ਹਵਾਬਾਜ਼ੀ ਇੰਡਸਟਰੀ ਨੂੰ ਉਭਰਨ ਲਈ 200 ਅਰਬ ਡਾਲਰ ਦੀ ਜ਼ਰੂਰਤ ਹੈ। ਸੰਗਠਨ ਦੇ ਮੁਖੀ ਨੇ ਕਿਹਾ ਕਿ ਹਵਾਬਾਜ਼ੀ ਕੰਪਨੀਆਂ ਕੋਲ ਨਕਦੀ ਖਤਮ ਹੋ ਰਹੀ ਹੈ। ਜਲਦ ਹੀ ਸਰਕਾਰਾਂ ਵਲੋਂ ਸਹਾਇਤਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਹਵਾਬਾਜ਼ੀ ਕੰਪਨੀਆਂ ਨੂੰ ਤਬਾਹ ਹੋਣ ਲਈ ਛੱਡ ਦਿੰਦੀਆਂ ਹਨ ਤਾਂ ਕਈਆਂ ਦੀ ਰੋਜ਼ੀ-ਰੋਟੀ ਖਤਮ ਹੋ ਜਾਵੇਗੀ ਤੇ ਇਸ ਦਾ ਅਸਰ ਗਲੋਬਲ ਇਕਨੋਮੀ 'ਤੇ ਹੋਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਹਵਾਈ ਯਾਤਰਾ ਬੰਦ ਹੈ, ਜਿਸ ਕਾਰਨ ਕੰਪਨੀਆਂ ਲਈ ਕਰਮਚਾਰੀਆਂ ਨੂੰ ਤਨਖਾਹਾਂ, ਕਰਜ਼ ਦੀ ਕਿਸ਼ਤ ਭਰਨੀ ਤੇ ਪਟੇ 'ਤੇ ਲਏ ਜਹਾਜ਼ਾਂ ਦਾ ਕਿਰਾਇਆ ਭਰਨਾ ਮੁਸ਼ਕਲ ਹੋ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀਆਂ ਇਸ ਸਥਿਤੀ ਵਿਚ ਨਹੀਂ ਹਨ ਕਿ ਮੁਸਾਫਰਾਂ ਨੂੰ ਟਿਕਟਾਂ ਦੇ ਪੈਸੇ ਵਾਪਸ ਕੀਤੇ ਜਾ ਸਕਣ।
 


author

Sanjeev

Content Editor

Related News