4-5 ਰੁਪਏ ਪ੍ਰਤੀ ਲੀਟਰ ਤੱਕ ਮਹਿੰਗਾ ਹੋ ਸਕਦਾ ਹੈ ਦੁੱਧ, ਅਮੂਲ ਵਲੋਂ ਮਿਲੇ ਸੰਕੇਤ

02/05/2020 1:56:47 PM

ਨਵੀਂ ਦਿੱਲੀ — ਆਮ ਜਨਤਾ 'ਤੇ ਮਹਿੰਗਾਈ ਦੀ ਮਾਰ ਪੈਣ ਵਾਲੀ ਹੈ। ਦੇਸ਼ ਦੀ ਮਸ਼ਹੂਰ ਕੰਪਨੀ ਅਮੂਲ ਫਿਰ ਤੋਂ ਦੁੱਧ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ 'ਚ ਹੈ। ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ.ਐਸ. ਸੋਢੀ ਨੇ ਦੱਸਿਆ ਕਿ ਦੁੱਧ ਦੀਆਂ ਕੀਮਤਾਂ 'ਚ 4-5 ਰੁਪਏ ਪ੍ਰਤੀ ਲੀਟਰ ਅਤੇ ਦੁੱਧ ਤੋਂ ਬਣੇ ਉਤਪਾਦਾਂ 'ਚ 7-8 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀਆਂ ਕੰਪਨੀਆਂ ਕੋਲ ਜ਼ਿਆਦਾ ਦੁੱਧ ਸਪਲਾਈ ਦੀ ਸਮਰੱਥਾ ਹੈ ਉਨ੍ਹਾਂ ਨੂੰ ਸਾਲ 2020 'ਚ ਜ਼ਿਆਦਾ ਮੁਨਾਫਾ ਹੋਵੇਗਾ। ਡੇਅਰੀ ਕੰਪਨੀਆਂ ਨੇ ਪਿਛਲੇ ਸਾਲ 'ਚ ਦੋ ਵਾਰ ਦੁੱਧ ਦੀਆਂ ਕੀਮਤਾਂ ਵਧਾਈਆਂ ਸਨ। ਇਸੇ ਕਾਰਨ ਡੇਅਰੀ ਕਿਸਾਨਾਂ ਦੀ ਆਮਦਨੀ 'ਚ 2018 ਦੇ ਮੁਕਾਬਲੇ 20-25 ਫੀਸਦੀ ਦਾ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਦਸੰਬਰ 2019 'ਚ ਮਦਰ ਡੇਅਰੀ ਨੇ ਆਪਣੇ ਵੱਖ-ਵੱਖ ਕਿਸਮ ਦੇ ਦੁੱਧ 'ਚ 3 ਰੁਪਏ ਪ੍ਰਤੀ ਲੀਟਰ ਤੱਕ ਅਤੇ ਅਮੂਲ ਨੇ ਆਪਣੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾਉਣ ਦਾ ਐਲਾਨ ਕੀਤਾ ਸੀ।

PunjabKesari

ਅਮੂਲ ਨੇ ਕਿਹਾ ਕਿ ਪਿਛਲੇ ਤਿੰਨ ਸਾਲ 'ਚ ਉਸਨੇ ਥੈਲੀ ਵਾਲੇ ਦੁੱਧ ਦੀ ਕੀਮਤ ਵਿਚ ਸਿਰਫ ਦੋ ਵਾਰ ਬਦਲਾਅ ਕੀਤੇ ਹਨ। ਜਾਨਵਰਾਂ ਦੇ ਚਾਰੇ ਦੀ ਕੀਮਤ ਵਧਣ ਅਤੇ ਹੋਰ ਲਾਗਤ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਦਮ ਚੁੱਕੇ ਗਏ।

ਆਰ.ਐਸ. ਸੋਢੀ ਨੇ ਬਜਟ ਐਲਾਨਾਂ ਬਾਰੇ ਬੋਲਦੇ ਹੋਏ ਕਿਹਾ ਕਿ ਬਜਟ ਵਿਚ ਡੇਅਰੀ ਸੈਕਟਰ ਨੂੰ ਵਧਾਉਣ ਲਈ ਕਈ ਐਲਾਨ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਦੇਸ਼ 'ਚ ਦੁੱਧ ਦੀ ਪ੍ਰੋਸੈਸਿੰਗ ਦੇ ਅੰਕੜੇ ਨੂੰ 2025 ਤੱਕ 53.5 ਮਿਲੀਅਨ ਮੈਟ੍ਰਿਕ ਟਨ ਤੋਂ ਦੁੱਗਣਾ ਕਰਕੇ 108 ਮਿਲੀਅਨ ਮਿਟ੍ਰਿਕ ਟਨ ਕਰਨ ਦਾ ਹੈ। ਸੋਢੀ ਮੁਤਾਬਕ ਇਸ ਲਈ 40,000 ਤੋਂ 50,000 ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ।


Related News