ਮਾਰੂਤੀ ਨੇ ਇਸ NBFC ਨਾਲ ਕੀਤਾ ਕਰਾਰ, ਕਾਰ ਖਰੀਦਣੀ ਹੋਈ ਸੌਖੀ
Tuesday, Jun 09, 2020 - 02:07 PM (IST)
ਨਵੀਂ ਦਿੱਲੀ— ਨਵੀਂ ਗੱਡੀ ਖਰੀਦਣ ਲਈ ਜੇਕਰ ਤੁਸੀਂ ਬੈਂਕਾਂ ਦੇ ਚੱਕਰ ਨਹੀਂ ਲਾਉਣੇ ਚਾਹੁੰਦੇ ਤਾਂ ਹੁਣ ਤੁਹਾਨੂੰ ਇਹ ਵੀ ਬਦਲ ਮਿਲੇਗਾ। ਮਾਰੂਤੀ ਸੁਜ਼ੂਕੀ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਗਾਹਕਾਂ ਦੀ ਸੁਵਿਧਾ ਲਈ ਹੁਣ ਮਹਿੰਦਰਾ ਫਾਈਨੈਂਸ ਨਾਲ ਵੀ ਸਮਝੌਤਾ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਨਾਲ ਵੀ ਗਠਜੋੜ ਕੀਤਾ ਹੈ।
ਨਵੇਂ ਸਮਝੌਤੇ ਤਹਿਤ ਗਾਹਕ ਕਾਰ ਲੋਨ ਲਈ ਮਹਿੰਦਰਾ ਫਾਈਨੈਂਸ ਵੱਲੋਂ ਉਪਲਬਧ ਕਈ ਬਦਲਾਂ ਦਾ ਫਾਇਦਾ ਲੈ ਸਕਦੇ ਹਨ। ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ, ਕੋਵਿਡ-19 ਮਹਾਮਾਰੀ ਦੌਰਾਨ ਨਿੱਜੀ ਆਵਾਜਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਲੋਕਾਂ ਨੂੰ ਆਸਾਨੀ ਨਾਲ ਪੈਸੇ ਦੀ ਉਪਲਬਧਤਾ ਕਰਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਮਹਿੰਦਰਾ ਫਾਈਨੈਂਸ ਪੂਰੇ ਭਾਰਤ 'ਚ ਵੱਡੀ ਪਹੁੰਚ ਵਾਲੀ ਗੈਰ ਬੈਂਕਿੰਗ ਫਾਈਨੈਂਸ ਕੰਪਨੀ (ਐੱਨ. ਬੀ. ਐੱਫ. ਸੀ.) ਹੈ ਅਤੇ ਉਸ ਨੂੰ ਪੇਂਡੂ ਅਤੇ ਬਿਨਾਂ ਆਮਦਨ ਪ੍ਰਮਾਣ ਪੱਤਰ ਵਾਲੇ ਗਾਹਕਾਂ ਸਮੇਤ ਸਾਰੇ ਤਰ੍ਹਾਂ ਦੇ ਗਾਹਕਾਂ ਨੂੰ ਕਰਜ਼ ਦੇਣ 'ਚ ਮਹਾਰਤ ਹਾਸਲ ਹੈ। ਉਨ੍ਹਾਂ ਕਿਹਾ ਕਿ ਮਾਰੂਤੀ ਦੀ ਪ੍ਰਚੂਨ ਵਿਕਰੀ ਦਾ ਇਕ ਤਿਹਾਈ ਤੋਂ ਜ਼ਿਆਦਾ ਹਿੱਸਾ ਪੇਂਡੂ ਭਾਰਤ ਤੋਂ ਆਉਂਦਾ ਹੈ। ਜ਼ਿਕਰਯੋਗ ਹੈ ਕਿ ਕਾਰਾਂ ਦੀ ਵਿਕਰੀ ਵਧਾਉਣ ਲਈ ਗਾਹਕਾਂ ਨੂੰ ਲੋਨ ਦੇ ਸਸਤੇ ਬਦਲ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਕੰਪਨੀ ਕਈ ਕਦਮ ਚੁੱਕ ਰਹੀ ਹੈ।