ਮਾਰੂਤੀ ਨੇ 6 ਸਾਲ ''ਚ 6.7 ਲੱਖ ਕਾਰਾਂ ਰੇਲਵੇ ਰਾਹੀਂ ਭੇਜੀਆਂ, 10 ਕਰੋੜ ਲਿਟਰ ਈਂਧਨ ਬਚਾਇਆ

07/09/2020 1:03:56 AM

ਨਵੀਂ ਦਿੱਲੀ–ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੂਜ਼ੁਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ ਕਿ ਉਸ ਨੇ ਪਿਛਲੇ 6 ਸਾਲ ਦੌਰਾਨ 6.7 ਲੱਖ ਕਾਰਾਂ ਨੂੰ ਭਾਰਤੀ ਰੇਲਵੇ ਰਾਹੀਂ ਮੰਜ਼ਿਲ ਤੱਕ ਭੇਜਿਆ। ਇਸ 'ਚ ਸਾਲ ਦਰ ਸਾਲ 18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਕੰਪਨੀ ਮੁਤਾਬਕ ਉਸ ਨੇ ਰੇਲਵੇ ਰਾਹੀਂ ਪਹਿਲੀ ਵਾਰ ਮਾਰਚ 2014 'ਚ ਕਾਰਾਂ ਭੇਜੀਆਂ। ਰੇਲਵੇ ਰਾਹੀਂ ਨਵੀਆਂ ਕਾਰਾਂ ਨੂੰ ਉਨ੍ਹਾਂ ਦੇ ਸਪਲਾਈ ਸਥਾਨ ਤੱਕ ਭੇਜ ਕੇ ਕੰਪਨੀ ਨੇ ਲਗਭਗ 3000 ਟਨ ਕਾਰਬਨ ਡਾਇਆਕਸਾਈਡ ਦੇ ਨਿਕਾਸ ਨੂੰ ਘੱਟ ਕੀਤਾ ਹੈ।  ਕੰਪਨੀ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਦੇ ਨਾਲ ਹੀ 10 ਕਰੋੜ ਲਿਟਰ ਈਂਧਨ ਦੀ ਵੀ ਬੱਚਤ ਹੋਈ ਹੈ।

ਇਸ ਨਾਲ ਕੰਪਨੀ ਨੇ ਰਾਸ਼ਟਰੀ ਰਾਜਮਾਰਗ 'ਤੇ ਚੱਲਣ ਵਾਲੇ ਇਕ ਲੱਖ ਟਰੱਕ ਦੇ ਚੱਕਰ ਬਚਾਏ ਹਨ। ਪ੍ਰਮੁੱਖ ਕਾਰ ਕੰਪਨੀ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ 'ਚ ਉਸ ਨੇ 1.78 ਲੱਖ ਕਾਰਾਂ ਨੂੰ ਰੇਲਵੇ ਰਾਹੀਂ ਭੇਜਿਆ। ਇਹ ਪਿਛਲੇ ਸਾਲ ਦੇ ਮੁਕਾਬਲੇ 15 ਫੀਸਦੀ ਵਾਧਾ ਰਿਹਾ ਹੈ। ਇਹ ਗਿਣਤੀ ਕੰਪਨੀ ਦੀ ਸਾਲ ਦੌਰਾਨ ਹੋਈ ਕੁਲ ਵਿਕਰੀ ਦਾ 12 ਫੀਸਦੀ ਹੈ। ਮਾਰੂਤੀ ਨੇ ਕਿਹਾ ਕਿ ਉਹ ਦੇਸ਼ ਦੀ ਪਹਿਲੀ ਕਾਰ ਨਿਰਮਾਤਾ ਕੰਪਨੀ ਹੈ, ਜਿਸ ਕੋਲ ਆਟੋਮੋਬਾਈਲ ਫ੍ਰੇਟ ਟਰੇਨ ਆਪ੍ਰੇਟਰ (ਏ. ਐੱਫ. ਟੀ. ਓ.) ਲਾਇਸੰਸ ਹੈ। ਮੌਜੂਦਾ ਸਮੇਂ 'ਚ ਕੰਪਨੀ 5 ਟਰਮੀਨਲ (ਗੁਰੂਗ੍ਰਾਮ, ਫਾਰੂਖਨਗਰ, ਕੁਠਵਾਸ, ਪਾਟਲੀ, ਡੇਟ੍ਰੋਜ) ਰਾਹੀਂ ਕਾਰਾਂ ਦੀ ਲਦਾਈ ਕਰਦੀ ਹੈ।


Karan Kumar

Content Editor

Related News