ਨਵੰਬਰ ''ਚ ਮਾਰੂਤੀ ਦੀ ਕੁੱਲ ਵਿਕਰੀ ਵਧੀ ਪਰ ਇਨ੍ਹਾਂ ਕਾਰਾਂ ਦੀ ਘਟੀ ਸੇਲ

12/01/2020 3:10:10 PM

ਨਵੀਂ ਦਿੱਲੀ— ਇਸ ਸਾਲ ਨਵੰਬਰ 'ਚ ਮਾਰੂਤੀ ਸੁਜ਼ੂਕੀ ਇੰਡੀਆ ਦੀ ਕੁੱਲ ਵਿਕਰੀ 1.7 ਫ਼ੀਸਦੀ ਵੱਧ ਕੇ 1,53,223 'ਤੇ ਪਹੁੰਚ ਗਈ, ਜੋ ਪਿਛਲੇ ਇਸ ਦੌਰਾਨ 1,50,630 ਵਾਹਨ ਰਹੀ ਸੀ। ਇਸ 'ਚੋਂ ਘਰੇਲੂ ਬਾਜ਼ਾਰ 'ਚ ਹੋਈ ਵਿਕਰੀ ਦੀ ਗੱਲ ਕਰੀਏ ਤਾਂ ਕੰਪਨੀ ਮੁਤਾਬਕ, ਨਵੰਬਰ 'ਚ ਉਸ ਦੀ ਘਰੇਲੂ ਵਿਕਰੀ 1,44,219 ਰਹੀ, ਜੋ ਪਿਛਲੇ ਸਾਲ ਨਾਲੋਂ ਥੋੜ੍ਹੀ ਹੀ ਵੱਧ ਹੈ। ਨਵੰਬਰ 2019 'ਚ ਘਰੇਲੂ ਬਾਜ਼ਾਰ 'ਚ ਮਾਰੂਤੀ ਨੇ 1,43,686 ਵਾਹਨ ਵੇਚੇ ਸਨ। ਨਵੰਬਰ 'ਚ ਮਿੰਨੀ ਤੇ ਕੰਪੈਕਟ ਕਾਰਾਂ ਦੀ ਵਿਕਰੀ ਸੁਸਤ ਰਹੀ।

ਕੰਪਨੀ ਦੀਆਂ ਮਿੰਨੀ ਕਾਰਾਂ ਯਾਨੀ ਆਲਟੋ ਅਤੇ ਐੱਸ-ਪ੍ਰੈਸੋ ਦੀ ਵਿਕਰੀ 15.1 ਫ਼ੀਸਦੀ ਘੱਟ ਕੇ 22,339 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 26,306 ਇਕਾਈ ਰਹੀ ਸੀ। ਇਸੇ ਤਰ੍ਹਾਂ ਕੰਪੈਕਟ 'ਚ ਸਵਿਫਟ, ਸੈਲੇਰੀਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਦੀ ਵਿਕਰੀ 1.8 ਫ਼ੀਸਦੀ ਘੱਟ ਕੇ 76,630 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 78,013 ਇਕਾਈ ਰਹੀ ਸੀ।

ਹਾਲਾਂਕਿ, ਦਰਮਿਆਨੇ ਆਕਾਰ ਦੀ ਸਿਡਾਨ ਸਿਆਜ਼ ਦੀ ਵਿਕਰੀ 29.1 ਫ਼ੀਸਦੀ ਵੱਧ ਕੇ 1,870 ਇਕਾਈ 'ਤੇ ਪਹੁੰਚ ਗਈ, ਜੋ ਨਵੰਬਰ 2019 'ਚ 1,448 ਇਕਾਈ ਰਹੀ ਸੀ। ਯੂਟਿਲਟੀ ਵਾਹਨਾਂ ਜਿਵੇਂ ਕਿ ਵਿਟਾਰਾ ਬ੍ਰੇਜ਼ਾ, ਐੱਸ-ਕ੍ਰਾਸ ਅਤੇ ਅਰਟਿਗਾ ਦੀ ਵਿਕਰੀ 2.4 ਫ਼ੀਸਦੀ ਵੱਧ ਕੇ 23,753 ਇਕਾਈ 'ਤੇ ਪਹੁੰਚ ਗਈ, ਜੋ ਕਿ ਸਾਲ ਪਹਿਲਾਂ ਇਸੇ ਮਹੀਨੇ 'ਚ 23,204 ਇਕਾਈ ਰਹੀ ਸੀ। ਨਵੰਬਰ 'ਚ ਕੰਪਨੀ ਦੀ ਬਰਾਮਦ 29.7 ਫ਼ੀਸਦੀ ਵੱਧ ਕੇ 9,004 ਇਕਾਈ 'ਤੇ ਪਹੁੰਚ ਗਈ। ਨਵੰਬਰ 2019 'ਚ ਕੰਪਨੀ ਨੇ 6,944 ਵਾਹਨਾਂ ਦੀ ਬਰਾਮਦ ਕੀਤੀ ਸੀ।


Sanjeev

Content Editor

Related News