ਭਾਰਤੀ ਆਂਡਿਆਂ ਦੇ ਐਕਸਪੋਰਟ ਦੇ ਵੱਡੇ ਕੇਂਦਰ ਵਜੋਂ ਉੱਭਰਿਆ ਮਲੇਸ਼ੀਆ
Wednesday, Jan 25, 2023 - 02:43 PM (IST)
ਨਵੀਂ ਦਿੱਲੀ (ਵਿਸ਼ੇਸ਼)–ਭਾਰਤ ਦੇ ਪੋਲਟਰੀ ਉਤਪਾਦਕਾਂ ਲਈ ਮਲੇਸ਼ੀਆ ਆਂਡਿਆਂ ਦੇ ਐਕਸਪੋਰਟ ਦੇ ਇਕ ਵੱਡੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਪਿਛਲੇ ਮਹੀਨੇ ਮਲੇਸ਼ੀਆ ਨੂੰ ਤਾਮਿਲਨਾਡੂ ਦੇ ਨਮਕਲ ਤੋਂ 50 ਲੱਖ ਅਾਂਡਿਆਂ ਦਾ ਐਕਸਪੋਰਟ ਕੀਤਾ ਗਿਆ ਹੈ। ਨਮਕਲ ਦੇਸ਼ ’ਚ ਪੋਲਟਰੀ ਦਾ ਹੱਬ ਹੈ ਅਤੇ ਮਲੇਸ਼ੀਆ ਤੋਂ ਹੋ ਰਹੀ ਆਂਡਿਆਂ ਦੀ ਵੱਡੀ ਮੰਗ ਕਾਰਣ ਨਮਕਲ ਨੂੰ ਆਉਣ ਵਾਲੇ ਦਿਨਾਂ ’ਚ ਹੋਰ ਵੀ ਫਾਇਦਾ ਹੋਣ ਦੀ ਉਮੀਦ ਹੈ ਕਿਉਂਕਿ ਜਨਵਰੀ ਅਤੇ ਫਰਵਰੀ ਮਹੀਨੇ ’ਚ ਵੀ ਦੱਖਣੀ ਪੂਰਬੀ ਏਸ਼ੀਅਨ ਦੇਸ਼ਾਂ ਨੂੰ ਇੱਥੋਂ ਇਕ ਕਰੋੜ ਆਂਡਿਆਂ ਦਾ ਐਕਸਪੋਰਟ ਕੀਤਾ ਜਾਵੇਗਾ।
ਦਰਅਸਲ ਮਲੇਸ਼ੀਆ ਦੇ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਮੰਤਰੀ ਮੁਹੰਮਦ ਸਾਬੂ ਨੇ ਕੁਆਲਾਲੰਪੁਰ ’ਚ ਸਥਿਤ ਭਾਰਤੀ ਅੰਬੈਸੀ ਰਾਹੀਂ ਭਾਰਤ ਤੋਂ ਆਂਡੇ ਇੰਪੋਰਟ ਕਰਨ ਦੀ ਗੁਜਾਰਿਸ਼ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ’ਚ ਨਮਕਲ ਦੇ ਪੋਲਟਰੀ ਫਾਰਮਾਂ ਦਾ ਦੌਰਾ ਕੀਤਾ ਸੀ ਅਤੇ ਇੱਥੇ ਆਂਡਿਆਂ ਦੇ ਐਕਸਪੋਰਟ ਲਈ ਕੀਤੀਆਂ ਗਈਆਂ ਵਿਵਸਥਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਆਲ ਇੰਡੀਆ ਪੋਲਟਰੀ ਪ੍ਰੋਡਕਟਸ ਐਸੋਸੀਏਸ਼ਨ ਦੇ ਸਕੱਤਰ ਵਲੰਸਨ ਪਰਮੇਸ਼ਵਰਨ ਦਾ ਕਹਿਣਾ ਹੈ ਕਿ ਭਾਰਤ ਨਮਕਲ ਤੋਂ ਰੋਜ਼ਾਨਾ 15 ਲੱਖ ਆਂਡਿਆਂ ਦੇ ਐਕਸਪੋਰਟ ਦਾ ਰਸਤਾ ਖੁੱਲ੍ਹਣ ਨਾਲ ਭਾਰਤ ਦੇ ਐਕਸਪੋਰਟਰ ਦੱਖਣ ਪੂਰਬੀ ਏਸ਼ੀਆ ਦੇ ਬਾਜ਼ਾਰ ’ਚ ਨਵੀਆਂ ਸੰਭਾਵਨਾਵਾਂ ਲੱਭ ਸਕਦੇ ਹਨ। ਰਵਾਇਤੀ ਤੌਰ ’ਤੇ ਭਾਰਤ ਦੇ ਆਂਡਾ ਐਕਸਪੋਰਟਰ ਤੁਤੀਕੋਰੇਨ ਪੋਰਟ ਦਾ ਇਸਤੇਮਾਲ ਕਰਦੇ ਹਨ। ਪਰ ਹਾਲ ਹੀ ਦੀ ਸ਼ਿਪਮੈਂਟ ਚੇਨਈ ਪੋਰਟ ਰਾਹੀਂ ਭੇਜੀ ਗਈ ਹੈ।
ਪਿਛਲੇ ਮਹੀਨੇ ਖੇਤੀਬਾੜੀ ਅਤੇ ਪ੍ਰੋਸੈਸਿੰਗ ਐਕਸਪੋਰਟ ਡਿਵੈੱਲਪਮੈਂਟ ਅਥਾਰਿਟੀ (ਓਪੇਡਾ) ਅਤੇ ਐਨੀਮਲ ਕੁਆਰੰਟਾਈਨ ਐਂਡ ਸਰਟੀਫਿਕੇਸ਼ਨ ਸਰਵਿਸਿਜ਼ (ਐਕਿਊ. ਸੀ. ਐੱਸ.) ਨੇ ਨਮਕਲ ’ਚ ਆਂਡਿਆਂ ਦੇ ਐਕਸਪੋਰਟ ਲਈ ਸਥਾਪਿਤ ਕੀਤੇ ਗਏ ਸੈਂਟਰਾਂ ਦੀ ਜਾਂਚ ਤੋਂ ਬਾਅਦ ਇਨ੍ਹਾਂ ਨੂੰ ਪ੍ਰਮਾਣਿਤ ਕੀਤਾ ਅਤੇ ਮਲੇਸ਼ੀਆ ਨੂੰ 1 ਲੱਖ ਆਂਡਿਆਂ ਦੀ ਪਹਿਲੀ ਖੇਪ ਤ੍ਰਿਚੂਰਪੱਲੀ ਏਅਰਪੋਰਟ ਦੇ ਮਾਧਿਅਮ ਰਾਹੀਂ ਭੇਜੀ ਗਈ। ਇਸ ਖੇਪ ਨੂੰ ਮਲੇਸ਼ੀਆ ਵਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਪਿਛਲੇ ਮਹੀਨੇ 50 ਲੱਖ ਆਂਡਿਆਂ ਦਾ ਐਕਸਪੋਰਟ ਕੀਤਾ ਗਿਆ। ਦਰਅਸਲ, ਮਲੇਸ਼ੀਆ ਦੇ ਖੇਤੀਬਾੜੀ ਮੰਤਰੀ ਨੇ ਕੁਲਾਲੰਪੁਰ ’ਚ ਸਥਿਤ ਭਾਰਤੀ ਅੰਬੈਸੀ ਰਾਹੀਂ ਭਾਰਤ ਤੋਂ ਆਂਡੇ ਇੰਪੋਰਟ ਕਰਨ ਦੀ ਗੁਜਾਰਿਸ਼ ਕੀਤੀ ਸੀ।
ਭਾਰਤ ਤੋਂ ਆਂਡਿਆਂ ਦਾ ਐਕਸਪੋਰਟ
2019-20 73.65
2020-21 53.29
2021-22 63.26
2022-23 74.06
2022-23 ਦੇ ਅੰਕੜੇ ਅਪ੍ਰੈਲ ਤੋਂ ਨਵੰਬਰ ਤੱਕ, ਐਕਸਪੋਰਟ ਮਿਲੀਅਨ ਡਾਲਰ ’ਚ