ਮਹਿੰਦਰਾ ਜਨਵਰੀ ਤੋਂ ਯਾਤਰੀ ਤੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਧਾਏਗੀ

12/15/2020 6:56:35 PM

ਨਵੀਂ ਦਿੱਲੀ— ਨਵੇਂ ਸਾਲ ਤੋਂ ਗੱਡੀ ਖ਼ਰੀਦਣੀ ਮਹਿੰਗੀ ਹੋ ਜਾਏਗੀ। ਹੁਣ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਨੇ ਮੰਗਲਵਾਰ ਨੂੰ ਯਾਤਰੀ ਤੇ ਵਪਾਰਕ ਵਾਹਨਾਂ ਦੀ ਕੀਮਤ 'ਚ ਵਾਧੇ ਦਾ ਐਲਾਨ ਕੀਤਾ ਹੈ। ਕੀਮਤਾਂ 'ਚ ਵਾਧਾ 1 ਜਨਵਰੀ 2021 ਤੋਂ ਲਾਗੂ ਹੋਵੇਗਾ। ਇਹ ਵਾਧਾ ਸਾਰੇ ਮਾਡਲਾਂ 'ਚ ਹੋਵੇਗਾ।

ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਤੇ ਫੋਰਡ ਇੰਡੀਆ ਵੀ ਇਹ ਘੋਸ਼ਣਾ ਕਰ ਚੁੱਕੇ ਹਨ। ਮਹਿੰਦਰਾ ਨੇ ਵੀ ਦੂਜੀ ਵਾਹਨ ਕੰਪਨੀਆਂ ਦੀ ਤਰ੍ਹਾਂ ਹੀ ਕਿਹਾ ਕਿ ਵੱਖ-ਵੱਖ ਕੱਚੇ ਮਾਲ ਦੀ ਲਾਗਤ ਵਧਣ ਅਤੇ ਹੋਰ ਕਈ ਖਰਚੇ ਵੱਧ ਜਾਣ ਕਾਰਨ ਕੀਮਤਾਂ 'ਚ ਵਾਧਾ ਜ਼ਰੂਰੀ ਹੋ ਗਿਆ ਹੈ।

ਮਹਿੰਦਰਾ ਨੇ ਕਿਹਾ ਕਿ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ 'ਚ ਵਾਧੇ ਦੇ ਵੇਰਵਿਆਂ ਬਾਰੇ ਸਮੇਂ ਸਿਰ ਦੱਸਿਆ ਜਾਵੇਗਾ। ਗੌਰਤਲਬ ਹੈ ਕਿ ਨਵੰਬਰ 'ਚ ਕੰਪਨੀ ਦੀ ਕੁੱਲ ਵਾਹਨ ਵਿਕਰੀ 42,731 ਇਕਾਈ ਰਹੀ। ਇਸ 'ਚ ਯਾਤਰੀ ਵਾਹਨ, ਵਪਾਰਕ ਵਾਹਨ ਅਤੇ ਬਰਾਮਦ ਸ਼ਾਮਲ ਹੈ। ਨਵੰਬਰ 'ਚ ਇਸ ਦੀ ਕੁੱਲ ਵਾਹਨ ਵਿਕਰੀ 41,235 ਰਹੀ ਸੀ। ਇਸ ਤਰ੍ਹਾਂ ਇਸ ਸਾਲ ਨਵੰਬਰ 'ਚ ਇਸ ਦੀ ਵਿਕਰੀ 4 ਫ਼ੀਸਦੀ ਵੱਧ ਰਹੀ। ਉੱਥੇ ਹੀ, ਫੋਰਡ ਇੰਡੀਆ ਜਨਵਰੀ ਤੋਂ ਮਾਡਲ ਦੇ ਹਿਸਾਬ ਨਾਲ ਕੀਮਤਾਂ 'ਚ ਤਕਰੀਬਨ 5,000 ਰੁਪਏ ਤੋਂ ਲੈ ਕੇ 35,000 ਰੁਪਏ ਤੱਕ ਦਾ ਵਾਧਾ ਕਰੇਗੀ। ਹਾਲਾਂਕਿ, ਜਿਨ੍ਹਾਂ ਦੀ ਬੁਕਿੰਗ 2020 'ਚ ਹੋਈ ਹੈ, ਉਨ੍ਹਾਂ ਲਈ ਕੀਮਤਾਂ ਓਹੀ ਰਹਿਣਗੀਆਂ।


Sanjeev

Content Editor

Related News