ਸਬਸਿਡੀ ਵਾਲੇ ਸਿਲੰਡਰ ਦੇ ਨਹੀਂ ਵਧੇ ਮੁੱਲ, ਸਬਸਿਡੀ ''ਚ ਆਇਆ 60 ਫ਼ੀਸਦੀ ਉਛਾਲ

07/13/2018 1:19:31 AM

ਨਵੀਂ ਦਿੱਲੀ-ਕੌਮਾਂਤਰੀ ਬਾਜ਼ਾਰ 'ਚ ਮੁੱਲ ਵਧਣ ਦੇ ਬਾਵਜੂਦ ਸਰਕਾਰ ਨੇ ਘਰੇਲੂ ਬਾਜ਼ਾਰ 'ਚ ਸਬਸਿਡੀ ਵਾਲੇ ਐੱਲ. ਪੀ. ਜੀ. ਸਿਲੰਡਰ ਦੇ ਮੁੱਲ ਜਿਓਂ ਦੇ ਤਿਓਂ ਰੱਖੇ ਹਨ, ਜਿਸ ਦੀ ਵਜ੍ਹਾ ਨਾਲ ਐੱਲ. ਪੀ. ਜੀ. ਸਬਸਿਡੀ 'ਚ ਪਿਛਲੇ 2 ਮਹੀਨਿਆਂ ਦੌਰਾਨ 60 ਫ਼ੀਸਦੀ ਉਛਾਲ ਦਰਜ ਕੀਤਾ ਗਿਆ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਕੀਮਤਾਂ 'ਚ ਵਾਧੇ ਦੇ ਬਾਵਜੂਦ ਸਰਕਾਰ ਨੇ ਆਮ ਗਾਹਕਾਂ ਨੂੰ ਰਾਹਤ ਦਿੰਦਿਆਂ ਘਰੇਲੂ ਬਾਜ਼ਾਰ 'ਚ ਸਬਸਿਡੀ ਵਾਲੇ ਸਿਲੰਡਰ ਦੇ ਮੁੱਲ ਨਹੀਂ ਵਧਾਏ। ਉਨ੍ਹਾਂ ਕਿਹਾ ਕਿ ਬੈਂਕ ਖਾਤਿਆਂ 'ਚ ਟਰਾਂਸਫਰ ਕੀਤੀ ਜਾਣ ਵਾਲੀ ਸਬਸਿਡੀ ਰਾਸ਼ੀ ਮਈ 'ਚ ਜਿਥੇ 159.29 ਰੁਪਏ ਪ੍ਰਤੀ ਸਿਲੰਡਰ ਸੀ, ਜੂਨ 'ਚ ਇਹ ਵਧ ਕੇ 204.95 ਰੁਪਏ ਅਤੇ ਜੁਲਾਈ 'ਚ 257.74 ਰੁਪਏ ਪ੍ਰਤੀ ਸਿਲੰਡਰ 'ਤੇ ਪਹੁੰਚ ਗਈ। ਜੂਨ ਤੋਂ ਹੀ ਕੌਮਾਂਤਰੀ ਪੱਧਰ 'ਤੇ ਐੱਲ. ਪੀ. ਜੀ. ਦੇ ਮੁੱਲ ਵਧ ਰਹੇ ਹਨ। ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦਾ ਮੁੱਲ ਮਈ 'ਚ 653.50 ਰੁਪਏ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ ਸੀ। ਜੂਨ 'ਚ ਇਹ ਵਧ ਕੇ 698.50 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ, ਯਾਨੀ ਇਸ 'ਚ 48 ਰੁਪਏ ਦਾ ਵਾਧਾ ਹੋਇਆ। ਇਸ ਮਹੀਨੇ ਬਿਨਾਂ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 55.50 ਰੁਪਏ ਵਧ ਕੇ 754 ਰੁਪਏ ਹੋ ਗਿਆ। ਮਈ 'ਚ ਸਬਸਿਡੀ ਵਾਲੇ ਸਿਲੰਡਰ ਦਾ ਮੁੱਲ 491.21 ਰੁਪਏ ਪ੍ਰਤੀ ਸਿਲੰਡਰ ਸੀ। ਜੂਨ 'ਚ ਇਹ ਵਧ ਕੇ 493.55 ਰੁਪਏ ਅਤੇ ਇਸ ਮਹੀਨੇ 496.26 ਰੁਪਏ ਹੋ ਗਿਆ।


Related News