ਤਾਲਾਬੰਦੀ ਅਤੇ ਮੀਂਹ ਕਾਰਨ ਚਾਹ ਦੀ ਫ਼ਸਲ ਨੂੰ ਨੁਕਸਾਨ, ਨੀਲਾਮੀ ਦੇ ਭਾਅ ਵਧੇ

07/24/2020 1:55:30 AM

ਕੋਲਕਾਤਾ (ਭਾਸ਼ਾ)–ਅਪ੍ਰੈਲ ਅਤੇ ਮਈ 'ਚ ਕੋਰੋਨਾ ਵਾਇਰਸ ਕਾਰਣ ਲਾਗੂ ਲਾਕਡਾਊਨ ਅਤੇ ਅਸਾਮ 'ਚ ਅਨਿਯਮਿਤ ਬਰਸਾਤ ਨਾਲ ਚਾਹ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ।ਉਦਯੋਗ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਚਾਹ ਦੇ ਉਤਪਾਦਨ 'ਚ ਭਾਰੀ ਗਿਰਾਵਟ ਆਈ ਹੈ। ਭਾਰਤੀ ਚਾਹ ਸੰਘ (ਆਈ. ਟੀ. ਏ.) ਦੇ ਅਨੁਮਾਨ ਮੁਤਾਬਕ ਉੱਤਰ ਭਾਰਤ ਅਸਾਮ ਅਤੇ ਉੱਤਰੀ ਬੰਗਾਲ 'ਚ ਇਸ ਸਾਲ ਜਨਵਰੀ ਤੋਂ ਜੂਨ ਦੇ ਦੌਰਾਨ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਚਾਹ ਦਾ ਉਤਪਾਦਨ 40 ਫੀਸਦੀ ਘਟਿਆ ਹੈ। ਆਈ. ਟੀ. ਏ. ਦੇ ਸਕੱਤਰ ਅਰਿਜੀਤ ਰਾਹਾ ਨੇ ਕਿਹਾ ਕਿ ਅਸੀਂ ਜੁਲਾਈ ਦੇ ਅੰਕੜਿਆਂ ਦਾ ਇੰਤਜ਼ਾਰ ਕਰ ਰਹੇ ਹਾਂ।

ਇਹ ਅਗਲੇ ਕੁਝ ਦਿਨ 'ਚ ਆਉਣਗੇ। ਆਈ. ਟੀ. ਏ. ਨੇ ਕਿਹਾ ਕਿ ਅਲੀਪੁਰਦੁਆਰ ਅਤੇ ਜਲਪਾਈਗੁੜੀ 'ਚ ਮਜ਼ਦੂਰਾਂ ਦੀ ਕਮੀ ਕਾਰਣ ਹਰੇ ਪੱਤਿਆਂ ਦੀ ਤੁੜਾਈ ਕਾਫੀ ਘੱਟ ਰਹੀ ਹੈ, ਜਿਸ ਨਾਲ ਉਤਪਾਦਨ ਪ੍ਰਭਾਵਿਤ ਹੋਇਆ ਹੈ। ਆਈ. ਟੀ. ਏ. ਮੁਤਾਬਕ ਦੋ ਜ਼ਿਲਿਆਂ 'ਚ ਲਗਾਤਾਰ ਬਾਰਿਸ਼ ਨਾਲ ਬਾਗਾਂ 'ਚ ਗ੍ਰਿਡ ਬੰਦ ਹੋਣ ਦੀ ਸਮੱਸਿਆ ਰਹੀ ਹੈ, ਜਿਸ ਨਾਲ ਫਸਲ ਘਟੀ ਹੈ। ਕਲਕੱਤਾ ਚਾਹ ਵਪਾਰੀ ਸੰਘ (ਸੀ. ਟੀ. ਟੀ. ਏ.) ਦਾ ਕਹਿਣਾ ਹੈ ਕਿ ਲਾਕਡਾਊਨ ਅਤੇ ਬਾਰਿਸ਼ ਕਾਰਣ ਫਸਲ ਉਤਪਾਦਨ ਘੱਟ ਰਹਿਣ ਨਾਲ ਨੀਲਾਮੀ 'ਚ ਚਾਹ ਦੇ ਰੇਟ ਚੜ੍ਹ ਗਏ ਹਨ। ਸੀ. ਟੀ. ਟੀ. ਏ. ਦੇ ਚੇਅਰਮੈਨ ਵਿਜੇ ਜਗਨਨਾਥ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ 'ਚ ਨੀਲਾਮੀ 'ਚ ਚਾਹ ਦੇ ਰੇਟ ਮਜ਼ਬੂਤ ਅਤੇ ਉੱਚੇ ਹਨ। ਉਨ੍ਹਾਂ ਨੇ ਕਿਹਾ ਕਿ ਉਦਯੋਗ ਨੂੰ ਲਗਭਗ 20 ਕਰੋੜ ਕਿਲੋਗ੍ਰਾਮ ਫਸਲ ਨੁਕਸਾਨ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਚੰਗੀ ਗੁਣਵੱਤਾ ਵਾਲੀ ਚਾਹ ਦੇ ਰੇਟ ਲਗਭਗ 100 ਰੁਪਏ ਪ੍ਰਤੀ ਕਿਲੋ ਚੜ੍ਹ ਗਏ ਹਨ।


Karan Kumar

Content Editor

Related News