ਲੋਨ ਮੇਲਾ ਰਿਹਾ ਗਾਹਕਾਂ ਤੋਂ ਸੱਖਣਾ, ਨਵੇਂ ਗਾਹਕਾਂ ਹੱਥ ਲੱਗੀ ਨਿਰਾਸ਼ਾ

10/04/2019 2:44:38 PM

ਨਵੀਂ ਦਿੱਲੀ — ਜੇਕਰ ਤੁਸੀਂ ਲੋਨ ਮੇਲੇ 'ਚ ਇਹ ਸੋਚ ਕੇ ਜਾ ਰਹੇ ਹੋ ਕਿ ਤੁਹਾਡੇ ਅਰਜ਼ੀ ਦਿੰਦੇ ਹੀ ਤੁਰੰਤ ਲੋਨ ਮਨਜ਼ੂਰ ਕਰਕੇ ਬੈਂਕ ਉਸੇ ਸਮੇਂ ਰਕਮ ਦਾ ਭੁਗਤਾਨ ਤੁਹਾਡੇ ਹੱਥਾਂ 'ਚ ਕਰ ਦੇਣਗੇ ਤਾਂ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੀਰਵਾਰ ਨੂੰ ਦੇਸ਼ ਭਰ 'ਚ ਸ਼ੁਰੂ ਹੋਏ ਲੋਨ ਮੇਲੇ 'ਚ ਬੈਂਕ ਗਾਹਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਕਰਜ਼ ਦੇਣ ਲਈ ਤਿਆਰ ਹਨ ਪਰ ਸੱਚ ਇਹ ਹੈ ਕਿ ਕਰਜ਼ ਅਰਜ਼ੀ ਨੂੰ ਤੁਰੰਤ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। 

ਕਾਰਪੋਰੇਸ਼ਨ ਬੈਂਕ ਦੇ ਜਨਰਲ ਮੈਨੇਜਰ ਵਿਜੇ ਵਾਲੀਆ ਨੇ ਕਿਹਾ, 'ਇਹ ਲੋਕਾਂ ਤੱਕ ਪਹੁੰਚ ਵਧਾਉਣ ਦੀ ਮੁਹਿੰਮ ਹੈ, ਇਹ ਦਰਸਾਉਣ ਲਈ ਕਿ ਬੈਂਕ ਕਰਜ਼ਾ ਦੇਣ 'ਚ ਪਿੱਛੇ ਨਹੀਂ ਹੈ।' ਕੁਝ ਲੋਕਾਂ ਦੇ ਮਨ 'ਚ ਇਹ ਧਾਰਨਾ ਹੈ ਕਿ ਬੈਂਕ ਕਰਜ਼ੇ ਨੂੰ ਮਨਜ਼ੂਰੀ ਨਹੀਂ ਦੇ ਰਹੇ ਹਨ ਅਤੇ ਲੋਨ ਮੇਲੇ ਦਾ ਉਦੇਸ਼ ਇਸ ਮਿੱਥ ਨੂੰ ਤੋੜਨਾ ਹੈ।

ਹਾਲਾਂਕਿ ਕੁਝ ਗਾਹਕਾਂ ਨੂੰ ਕਰਜ਼ ਮਨਜ਼ੂਰੀ ਦੇ ਪੱਤਰ ਦਿੱਤੇ ਗਏ ਹਨ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਕਰਜ਼ ਅਰਜ਼ੀ 'ਤੇ ਪਿਛਲੇ ਕੁਝ ਮਹੀਨਿਆਂ ਤੋਂ ਬੈਂਕ ਦੀ ਸ਼ਾਖਾ 'ਚ ਕੰਮ ਚਲ ਰਿਹਾ ਸੀ ਜਾਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਜਾ ਚੁੱਕੀ ਸੀ। ਜਨਤਕ ਖੇਤਰ ਦੇ ਕੁਝ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਫੋਨ ਕਰਕੇ ਦੱਸਿਆ ਕਿ ਉਹ ਆਪਣੇ ਕਰਜ਼ਿਆਂ ਦਾ ਮਨਜ਼ੂਰੀ ਪੱਤਰ ਇਨ੍ਹਾਂ ਮੇਲਿਆਂ ਵਿਚੋਂ ਆ ਕੇ ਲੈ ਲੈਣ। ਇਹ ਹੀ ਹਾਲ ਕੁਝ ਹੋਰ ਬੈਂਕਾਂ ਦਾ ਵੀ ਹੈ ਜਿਥੇ ਇਸ ਮੇਲੇ 'ਚ ਪੁਰਾਣੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇ ਕੇ ਪੱਤਰ ਵੰਡੇ ਜਾ ਰਹੇ ਹਨ।

ਇਕ ਹੋਰ ਬੈਂਕ ਆਫ ਬੜੌਦਾ ਦੇ ਗਾਹਕ ਨੇ ਦੱਸਿਆ ਕਿ ਉਸਨੇ ਇਕ ਮਹੀਨਾ ਪਹਿਲਾਂ ਕਰਜ਼ੇ ਲਈ ਅਰਜ਼ੀ ਦਿੱਤੀ ਸੀ ਅਤੇ ਅੱਜ ਉਸਨੂੰ ਫੋਨ ਕਰਕੇ ਮੇਲੇ ਵਿਚੋਂ ਮਨਜ਼ੂਰੀ ਪੱਤਰ ਲੈਣ ਲਈ ਕਿਹਾ ਗਿਆ ਹੈ। '

ਕੁਝ ਕੈਂਪ ਟੈਂਟਾਂ 'ਚ ਸਥਾਪਿਤ ਕੀਤੇ ਗਏ, ਜਦੋਂਕਿ ਦੂਸਰੇ ਕਮਿਊਨਿਟੀ ਹਾਲ ਜਾਂ ਸਥਾਨਕ ਕਲੱਬਾਂ 'ਚ ਸਥਾਪਿਤ ਕੀਤੇ ਗਏ ਹਨ। ਬੈਂਗਲੁਰੂ ਦੇ ਸੈਂਟਰਲ ਕਾਲਜ ਕੈਂਪਸ ਵਿਚ ਕਰਨਾਟਕ ਦੇ ਲੋਕ ਨਾਚ 'ਡੋਲੂ ਕੁਨੀਤਾ' ਨਾਲ ਗਾਹਕਾਂ ਦਾ ਸਵਾਗਤ ਕੀਤਾ ਗਿਆ। ਗਾਹਕਾਂ ਨੇ ਵੀ ਇਸ ਦਾ ਅਨੰਦ ਲਿਆ। ਸੈਂਟਰਲ ਬੈਂਕ ਆਫ਼ ਇੰਡੀਆ ਦੇ ਬ੍ਰਾਂਚ ਮੈਨੇਜਰ ਦੀ ਬੇਨਤੀ 'ਤੇ ਇਕ ਗਾਹਕ ਨੇ ਬਾਲੀਵੁੱਡ ਫਿਲਮ 'ਗੁਲਾਬੀ ਆਂਖੇ ...'  ਦਾ ਮਸ਼ਹੂਰ ਗਾਣਾ ਗਾਇਆ। ਸਮਾਗਮ ਨੂੰ ਸਫਲ ਬਣਾਉਣ ਲਈ ਬੈਂਕਾਂ ਦੇ ਬ੍ਰਾਂਚ ਮੁਖੀਆਂ ਨੂੰ ਪੰਜ ਗਾਹਕ ਲਿਆਉਣ ਅਤੇ ਉਨ੍ਹਾਂ ਨੂੰ ਕਰਜ਼ਾ ਦੇਣ ਲਈ ਕਿਹਾ ਗਿਆ। ਹਾਲਾਂਕਿ ਨਵੇਂ ਗਾਹਕਾਂ ਦੀ ਮੌਜੂਦਗੀ ਘੱਟ ਦਿਖਾਈ ਦਿੱਤੀ।

ਇਸ ਸੰਬੰਧ 'ਚ ਇਕ ਪਬਲਿਕ ਬੈਂਕ ਦੇ ਖੇਤਰੀ ਪ੍ਰਬੰਧਕ ਨੇ ਕਿਹਾ ਕਿ ਇਸਦੇ ਦੋ ਕਾਰਨ ਸਨ: ਕਮਿਊਨਿਟੀ ਹਾਲ ਵਿਚ ਕੁਝ ਕੈਂਪ ਲਗਾਏ ਗਏ ਹਨ, ਜਦੋਂਕਿ ਬੈਂਕਾਂ ਨੂੰ ਇਸ ਦੇ ਜ਼ਿਆਦਾ ਪ੍ਰਚਾਰ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ 'ਚ ਬੈਂਕਾਂ ਨੇ ਕੈਂਪ ਲਗਾਉਣਾ ਹੈ ਉਸ ਦੀ ਅੰਤਮ ਸੂਚੀ ਸੋਮਵਾਰ ਨੂੰ ਦਿੱਤੀ ਗਈ ਸੀ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਵਿਆਪਕ ਪ੍ਰਚਾਰ ਨਹੀਂ ਕੀਤਾ ਜਾ ਸਕਿਆ ਪਰ ਗਾਹਕਾਂ ਨੂੰ ਈਮੇਲ ਅਤੇ ਐਸਐਮਐਸ ਰਾਹੀਂ ਸੂਚਿਤ ਕੀਤਾ ਗਿਆ। ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਜਨਰਲ ਮੈਨੇਜਰ ਵਿਜੇ ਰੰਜਨ ਨੇ ਕਿਹਾ ਕਿ ਜੇ ਬਿਨੈਕਾਰ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਆਉਂਦਾ ਹੈ ਤਾਂ ਉਸਨੂੰ ਐਮ.ਐਸ.ਐਮ.ਈ. 59 ਮਿੰਟ ਪੋਰਟਲ ਦੇ ਜ਼ਰੀਏ 59 ਮਿੰਟ ਦੇ ਅੰਦਰ ਸਿਧਾਂਤਕ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਪਰ ਅੰਤਮ ਮਨਜ਼ੂਰੀ ਜਾਂ ਕਰਜ਼ੇ ਦੀ ਵੰਡ ਦੂਜੇ ਬਿਨੈਕਾਰਾਂ ਦੀ ਤਰ੍ਹਾਂ ਆਮ ਪ੍ਰਕਿਰਿਆ ਦੇ ਤਹਿਤ ਕੀਤੀ ਜਾਏਗੀ।


Related News