LIC ਬੋਰਡ ਦੀ ਬੈਠਕ ਅੱਜ, IDBI ਬੈਂਕ ਸੌਦੇ ਨੂੰ ਮਿਲ ਸਕਦੀ ਹੈ ਮਨਜ਼ੂਰੀ

07/16/2018 2:26:57 PM

ਮੁੰਬਈ—  ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਬੋਰਡ ਕਰਜ਼ੇ 'ਚ ਫਸੇ ਆਈ. ਡੀ. ਬੀ. ਆਈ. ਬੈਂਕ 'ਚ ਹਿੱਸੇਦਾਰੀ ਵਧਾਉਣ ਨੂੰ ਲੈ ਕੇ ਅੱਜ ਅਹਿਮ ਬੈਠਕ ਕਰੇਗਾ। ਇਸ ਬੈਠਕ 'ਚ ਬੈਂਕ 'ਚ ਹਿੱਸੇਦਾਰੀ ਵਧਾ ਕੇ 51 ਫੀਸਦੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਸਕਦੀ ਹੈ। ਇਸ ਸਮੇਂ ਆਈ. ਡੀ. ਬੀ. ਆਈ. ਬੈਂਕ 'ਚ ਸਰਕਾਰ ਦੀ ਹਿੱਸੇਦਾਰੀ 80.96 ਫੀਸਦੀ ਅਤੇ ਐੱਲ. ਆਈ. ਸੀ. ਦੀ 10.82 ਫੀਸਦੀ ਹੈ। ਐੱਲ. ਆਈ. ਸੀ. ਨੇ ਬੈਂਕ 'ਚ ਹਿੱਸੇਦਾਰੀ ਵਧਾਉਣ ਲਈ 10,000 ਤੋਂ 13,000 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਹਾਲਾਂਕਿ ਇਹ ਸਿਰਫ ਰਣਨੀਤਕ ਨਿਵੇਸ਼ ਹੋਵੇਗਾ ਅਤੇ ਬੀਮਾ ਕੰਪਨੀ ਦਾ ਬੈਂਕ ਪ੍ਰਬੰਧਨ 'ਤੇ ਕੰਟਰੋਲ ਨਹੀਂ ਹੋਵੇਗਾ। ਪੂੰਜੀ ਨਿਵੇਸ਼ ਕਰਨ 'ਤੇ ਅੰਤਿਮ ਫੈਸਲਾ ਸੋਮਵਾਰ ਨੂੰ ਮੁੰਬਈ 'ਚ ਹੋਣ ਵਾਲੀ ਐੱਲ. ਆਈ. ਸੀ. ਦੀ ਬੈਠਕ 'ਚ ਲਿਆ ਜਾਵੇਗਾ। ਇਸ ਦੇ ਇਲਾਵਾ ਐੱਲ. ਆਈ. ਸੀ. ਇਸ ਸੌਦੇ ਦੇ ਬਾਅਦ ਬੈਂਕ ਬੋਰਡ 'ਚ ਆਪਣੇ 2 ਨਿਰਦੇਸ਼ਕ ਵੀ ਨਿਯੁਕਤ ਕਰਨ ਦੀ ਸਿਫਾਰਸ਼ ਕਰੇਗਾ।
ਪਿਛਲੇ ਮਹੀਨੇ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈ. ਆਰ. ਡੀ. ਏ. ਆਈ.) ਨੇ ਐੱਲ. ਆਈ. ਸੀ. ਨੂੰ ਬੈਂਕ 'ਚ 15 ਫੀਸਦੀ ਤੋਂ ਵੱਧ ਹਿੱਸੇਦਾਰੀ ਖਰੀਦਣ ਦੀ ਛੋਟ ਦਿੱਤੀ ਸੀ। ਉਂਝ ਬੀਮਾ ਕੰਪਨੀਆਂ ਨੂੰ ਕਿਸੇ ਵੀ ਕੰਪਨੀ 'ਚ 15 ਫੀਸਦੀ ਤੋਂ ਵੱਧ ਨਿਵੇਸ਼ ਕਰਨ ਦੀ ਮਨਜ਼ੂਰੀ ਨਹੀਂ ਹੁੰਦੀ ਹੈ। ਇਸ ਲਈ ਐੱਲ. ਆਈ. ਸੀ. ਨੂੰ ਬੈਂਕ 'ਚ ਆਪਣਾ ਨਿਵੇਸ਼ ਵਧਾਉਣ ਲਈ ਬੀਮਾ ਰੈਗੂਲੇਟਰੀ ਦੀ ਵਿਸ਼ੇਸ਼ ਮਨਜ਼ੂਰੀ ਦੀ ਜ਼ਰੂਰਤ ਸੀ।


Related News