ਨੋਟਬੰਦੀ ਨਾਲ ਬੈਂਕਾਂ ''ਚ ਜਮ੍ਹਾ ਹੋਏ ਇੰਨੇ ਲੱਖ ਕਰੋੜ, ਸ਼ੱਕ ਦੇ ਘੇਰੇ ''ਚ ਨੇ ਇਹ ਲੋਕ!

08/15/2017 3:47:01 PM

ਨਵੀਂ ਦਿੱਲੀ— ਨੋਟਬੰਦੀ ਨਾਲ ਬੈਂਕਿੰਗ ਸਿਸਟਮ 'ਚ 3 ਲੱਖ ਕਰੋੜ ਰੁਪਏ ਵਾਪਸ ਆਏ ਹਨ। ਇਨ੍ਹਾਂ 'ਚ ਜਮ੍ਹਾ 1.75 ਲੱਖ ਕਰੋੜ ਰੁਪਏ ਦੇ ਲੈਣ-ਦੇਣ ਸ਼ੱਕ ਦੇ ਘੇਰੇ 'ਚ ਹਨ। ਇਸ ਦਾ ਜ਼ਿਕਰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਲਾਲ ਕਿਲ੍ਹੇ ਤੋਂ ਕੀਤਾ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਦੇ ਲੈਣ-ਦੇਣ ਸ਼ੱਕ ਦੇ ਘੇਰੇ 'ਚ ਹਨ, ਉਨ੍ਹਾਂ 'ਤੇ ਕਾਰਵਾਈ ਹੋਵੇਗੀ। ਪ੍ਰਧਾਨ ਮੰਤਰੀ ਨੇ ਇਸ ਦਾ ਸੰਕੇਤ ਦੇ ਦਿੱਤਾ ਹੈ, ਜਿਹੜੇ ਲੋਕ ਹੁਣ ਤਕ ਇਹ ਸੋਚ ਰਹੇ ਹਨ ਕਿ ਉਹ ਕਾਲੇ ਧਨ ਨੂੰ ਬਚਾਉਣ 'ਚ ਸਫਲ ਹੋ ਗਏ ਹਨ, ਉਨ੍ਹਾਂ ਨੂੰ ਵੱਡਾ ਝਟਕਾ ਲੱਗੇਗਾ। ਆਜ਼ਾਦੀ ਦੀ 70ਵੀਂ ਵਰ੍ਹੇਗੰਢ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਦੇ ਨਾਮ ਸੰਬੋਧਨ 'ਚ ਨੋਟਬੰਦੀ, ਕਾਲਾ ਧਨ, ਬੇਨਾਮੀ ਜਾਇਦਾਦ, ਡਿਜੀਟਲ ਲੈਣ-ਦੇਣ, ਰੁਜ਼ਗਾਰ, ਕਿਸਾਨਾਂ ਦੀ ਆਮਦਨੀ ਆਦਿ 'ਤੇ ਵਿਸਥਾਰ ਨਾਲ ਗੱਲ ਕੀਤੀ। ਆਪਣੇ 55 ਮਿੰਟ ਦੇ ਭਾਸ਼ਣ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ 'ਚ ਭ੍ਰਿਸ਼ਟਾਚਾਰ, ਕਾਲਾ ਧਨ, ਨਕਦ ਲੈਣ-ਦੇਣ ਦੇ ਰਿਵਾਜ਼ ਦੀ ਕੋਈ ਜਗ੍ਹਾ ਨਹੀਂ ਬਚੇਗੀ।

PunjabKesari
ਕਾਲਾ ਧਨ ਪਹੁੰਚਿਆ ਬੈਂਕਾਂ ਤਕ, ਹੋਵੇਗੀ ਕਾਰਵਾਈ 
ਪੀ. ਐੱਮ. ਨੇ ਦੱਸਿਆ ਕਿ ਸਵਾ ਲੱਖ ਕਰੋੜ ਰੁਪਏ ਦਾ ਕਾਲਾ ਧਨ ਜ਼ਬਤ ਕੀਤਾ ਜਾ ਚੁੱਕਾ ਹੈ। ਨੋਟਬੰਦੀ ਦੇ ਬਾਅਦ 18 ਲੱਖ ਲੋਕਾਂ ਦੇ ਆਮਦਨ-ਖਰਚ 'ਚ ਫਰਕ ਦੇਖਿਆ ਗਿਆ ਅਤੇ 4.5 ਲੱਖ ਲੋਕ ਜਵਾਬ ਦੇਣ ਲਈ ਅੱਗੇ ਆਏ। ਉਨ੍ਹਾਂ ਨੇ ਕਿਹਾ ਕਿ 2 ਲੱਖ ਕਰੋੜ ਰੁਪਏ ਦਾ ਕਾਲਾ ਧਨ ਬੈਂਕਾਂ ਤਕ ਪਹੁੰਚ ਗਿਆ ਹੈ। 
3 ਲੱਖ ਫਰਜ਼ੀ ਕੰਪਨੀਆਂ 'ਤੇ ਹੋਈ ਕਾਰਵਾਈ
ਮੋਦੀ ਨੇ ਦੱਸਿਆ ਕਿ ਸਰਕਾਰ ਨੇ ਤਿੰਨ ਲੱਖ ਫਰਜ਼ੀ ਕੰਪਨੀਆਂ ਨੂੰ ਫੜਿਆ ਹੈ। ਇਨ੍ਹਾਂ 'ਚੋਂ ਪੌਣੇ 2 ਲੱਖ ਕੰਪਨੀਆਂ ਦੇ ਰਜਿਸਟਰੇਸ਼ਨ ਰੱਦ ਕੀਤੇ ਜਾ ਚੁੱਕੇ ਹਨ। ਮੋਦੀ ਨੇ ਕਿਹਾ ਕਿ ਤੁਸੀਂ ਕਲਪਨਾ ਕਰ ਸਕਦੇ ਹੋ, ਕਿ ਇਕ ਹੀ ਪਤੇ 'ਤੇ 400-400 ਕੰਪਨੀਆਂ ਚੱਲ ਰਹੀਆਂ ਸਨ। ਇਹ ਪੂਰੀ ਤਰ੍ਹਾਂ ਨਾਲ ਮਿਲੀਭੁਗਤ ਦੀ ਖੇਡ ਚੱਲ ਰਹੀ ਸੀ। ਕਿਸੇ ਨੇ ਇਸ ਵੱਲ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਪੀ. ਐੱਮ. ਮੁਤਾਬਕ, ਇਹ ਸਾਰੀਆਂ ਕੰਪਨੀਆਂ ਕਾਲੇ ਧਨ ਦੇ ਕਾਰੋਬਾਰ 'ਚ ਸ਼ਾਮਲ ਸਨ। ਮੋਦੀ ਨੇ ਦੱਸਿਆ ਕਿ 1 ਅਪ੍ਰੈਲ ਤੋਂ 5 ਅਗਸਤ ਤਕ 56 ਲੱਖ ਨਵੇਂ ਟੈਕਸ ਦਾਤਾ ਸਿਸਟਮ ਨਾਲ ਜੁੜ ਗਏ ਹਨ, ਜਦੋਂ ਕਿ ਇਕ ਸਾਲ ਪਹਿਲਾਂ ਇਹ ਗਿਣਤੀ 22 ਲੱਖ ਸੀ। ਉੱਥੇ ਹੀ, ਬੇਨਾਮੀ ਜਾਇਦਾਦ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ 800 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। 
ਕਿਸਾਨਾਂ ਦੀ ਆਮਦਨ ਹੋਵੇਗੀ ਦੁਗਣੀ
ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਦਿਸ਼ਾ 'ਚ ਚੁੱਕੇ ਜਾ ਰਹੇ ਕਦਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੰਚਾਈ ਦੇ 99 ਵੱਡੇ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ, ਜੋ ਸਾਲ 2019 ਤਕ ਪੂਰੇ ਕਰ ਲਏ ਜਾਣਗੇ। ਪੀ. ਐੱਮ. ਨੇ ਕਿਹਾ ਕਿ ਅਸੀਂ ਸਭ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਕਿਸਾਨ ਚਿੰਤਾ ਨਾਲ ਨਹੀਂ, ਚੈਨ ਨਾਲ ਸੋਣਗੇ। ਅੱਜ ਉਹ ਜਿੰਨਾ ਕਮਾ ਰਿਹਾ ਹੈ, 2022 ਤਕ ਉਸ ਤੋਂ ਦੁਗਣਾ ਕਮਾਏਗਾ।


Related News