ਇਜ਼ਰਾਇਲੀ ਹਵਾਈ ਹਮਲੇ ''ਚ ਮਾਰੇ ਗਏ 4 ਫਲਸਤੀਨੀ
Wednesday, Jul 03, 2024 - 11:38 AM (IST)
ਰਾਮੱਲਾ (ਵਾਰਤਾ)- ਉੱਤਰੀ ਵੈਸਟ ਬੈਂਕ ਦੇ ਤੁਲਕਰਮ ਸ਼ਹਿਰ 'ਚ ਨੂਰ ਸ਼ਮਸ ਸ਼ਰਨਾਰਥੀ ਕੰਪਲੈਕਸ 'ਤੇ ਮੰਗਲਵਾਰ ਨੂੰ ਇਜ਼ਰਾਇਲੀ ਹਵਾਈ ਹਮਲੇ 'ਚ ਚਾਰ ਫਲਸਤੀਨੀ ਮਾਰੇ ਗਏ। ਫਲਸਤੀਨੀ ਅਤੇ ਇਜ਼ਰਾਇਲੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਫਲਸਤੀਨੀ ਸੁਰੱਖਿਆ ਸੂਤਰਾਂ ਨੇ 'ਸ਼ਿਨਹੁਆ' ਨੂੰ ਦੱਸਿਆ ਕਿ ਇਕ ਇਜ਼ਰਾਇਲੀ ਟੋਹੀ ਜਹਾਜ਼ ਨੇ ਨੂਰ ਸ਼ਮਸ ਸ਼ਰਨਾਰਥੀ ਕੰਪਲੈਕਸ ਦੇ ਮੁੱਖ ਚੌਰਾਹੇ 'ਤੇ ਨੌਜਵਾਨਾਂ ਦੇ ਇਕ ਸਮੂਹ ਨੂੰ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ। ਰਾਮੱਲਾ ਸਥਿਤ ਫਲਸਤੀਨੀ ਸਿਹਤ ਮੰਤਰਾਲਾ ਨੇ 'ਸ਼ਿਨਹੁਆ' ਭੇਜੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਹਵਾਈ ਹਮਲੇ 'ਚ ਚਾਰ ਨੌਜਵਾਨ ਮਾਰੇ ਗਏ।
ਇਜ਼ਰਾਇਲੀ ਫ਼ੌਜ ਨੇ ਇਕ ਬਿਆਨ 'ਚ ਪੁਸ਼ਟੀ ਕੀਤੀ ਕਿ ਉਸ ਨੇ ਨੂਰ ਸ਼ਮਸ ਕੰਪਲੈਕਸ 'ਚ ਹਮਲਾ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਨੇ 'ਇਕ ਸੈੱਲ' ਨੂੰ ਨਿਸ਼ਾਨਾ ਬਣਾਇਆ, ਜਦੋਂ ਉਹ ਇਕ ਵਿਸਫ਼ੋਟਕ ਉਪਕਰਣ ਰੱਖ ਰਿਹਾ ਸੀ। ਤੁਲਕਰਮ ਦੇ ਗਵਰਨਰ ਮੁਸਤਫਾ ਤਾਕਾਤਾਕਾ ਨੇ ਇਸ ਦੀ ਨਿੰਦਾ ਕਰਦੇ ਹੋਏ ਇਸ ਨੂੰ 'ਤੁਲਕਾਰਮ ਅਤੇ ਵੈਸਟ ਬੈਂਕ 'ਚ ਨਾਗਰਿਕਾਂ ਖ਼ਿਲਾਫ਼ ਵਧਦੇ ਹਮਲੇ ਅਤੇ ਚੱਲ ਰਹੇ ਇਜ਼ਰਾਇਲੀ ਅਪਰਾਧਾਂ ਵਜੋਂ ਵਰਣਿਤ ਕੀਤਾ। ਫਲਸਤੀਨੀ ਅਤੇ ਇਜ਼ਰਾਇਲੀ ਸੂਤਰਾਂ ਅਨੁਸਾਰ, ਇਹ ਘਟਨਾ ਐਤਵਾਰ ਨੂੰ ਨੂਰ ਸ਼ਮਸ ਕੰਪਲੈਕਸ 'ਚ ਇਕ ਘਰ 'ਤੇ ਇਜ਼ਰਾਇਲੀ ਹਵਾਈ ਹਮਲੇ 'ਚ ਇਕ ਫਲਸਤੀਨੀ ਦੇ ਕਤਲ ਅਤੇ ਪੰਜ ਹੋਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਹੋਈ ਹੈ। ਫਲਸਤੀਨੀ ਸਿਹਤ ਮੰਤਰਾਲਾ ਅਨੁਸਾਰ, ਪਿਛਲੇ ਅਕਤੂਬਰ 'ਚ ਗਾਜ਼ਾ ਪੱਟੀ 'ਚ ਇਜ਼ਰਾਇਲੀ-ਫਲਸਤੀਨੀ ਸੰਘਰਸ਼ ਸ਼ੁਰੂ ਹੋਣ ਦੇ ਬਾਅਦ ਤੋਂ ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ਲਮ 'ਚ ਇਜ਼ਰਾਇਲ ਵਲੋਂ 550 ਤੋਂ ਵੱਧ ਫਲਸਤੀਨੀਆਂ ਨੂੰ ਮਾਰ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e