SBI 'ਚ FD ਕਰਵਾਉਣ ਦਾ ਹੈ ਪਲਾਨ, ਤਾਂ ਜਾਣੋ ਵਿਆਜ ਦਰਾਂ ਤੇ TDS ਨਿਯਮ
Thursday, Jan 09, 2020 - 01:36 PM (IST)

ਨਵੀਂ ਦਿੱਲੀ— ਸਟਾਕ ਬਾਜ਼ਾਰ 'ਚ ਰਿਸਕ ਲੈਣ ਦੀ ਬਜਾਏ ਬਹੁਤ ਸਾਰੇ ਲੋਕ ਬੈਂਕ 'ਚ ਫਿਕਸਡ ਡਿਪਾਜ਼ਿਟ (ਐੱਫ. ਡੀ.) ਕਰਵਾਉਣਾ ਪਸੰਦ ਕਰਦੇ ਹਨ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਤੇ ਇਸ ਵੱਲੋਂ ਦਰਾਂ 'ਚ ਕਟੌਤੀ ਜਾਂ ਵਾਧਾ ਬਾਕੀ ਬੈਂਕਾਂ ਨੂੰ ਵੀ ਇਸ ਬਾਰੇ ਕਦਮ ਚੁੱਕਣ ਲਈ ਗਾਈਡ ਕਰਦਾ ਹੈ। ਮੌਜੂਦਾ ਸਮੇਂ ਐੱਸ. ਬੀ. ਆਈ. 'ਚ ਸਾਲ ਦੀ ਐੱਫ. ਡੀ. 'ਤੇ 6.25 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਪਿਛਲੇ ਸਾਲ ਰਿਜ਼ਰਵ ਬੈਂਕ ਵੱਲੋਂ ਰੇਪੋ ਦਰ 'ਚ ਲਗਾਤਾਰ ਪੰਜ ਵਾਰ ਕਮੀ ਕਰਨ ਮਗਰੋਂ ਐੱਸ. ਬੀ. ਆਈ. ਨੇ ਲੋਨ ਦਰਾਂ ਘਟਾਉਣ ਦੇ ਨਾਲ-ਨਾਲ ਐੱਫ. ਡੀ. ਦਰਾਂ 'ਚ ਵੀ ਕਈ ਵਾਰ ਕਟੌਤੀ ਕੀਤੀ ਸੀ।
ਭਾਰਤੀ ਸਟੇਟ ਬੈਂਕ 'ਚ 7 ਦਿਨ ਤੋਂ ਲੈ ਕੇ 10 ਸਾਲ ਦੀ ਐੱਫ. ਡੀ. ਕਰਵਾਈ ਜਾ ਸਕਦੀ ਹੈ। 6.25 ਫੀਸਦੀ ਦੀ ਵਿਆਜ ਦਰ ਇਕ ਸਾਲ ਦੀ ਐੱਫ. ਡੀ. ਤੋਂ ਲੈ ਕੇ 10 ਸਾਲ ਦੀ ਐੱਫ. ਡੀ. ਤਕ ਲਾਗੂ ਹੈ। ਬਜ਼ੁਰਗਾਂ ਲਈ ਇਹ ਦਰ 6.75 ਫੀਸਦੀ ਹੈ, ਯਾਨੀ ਸੀਨੀਅਰ ਸਿਟੀਜ਼ਨਸ ਨੂੰ 1 ਲੱਖ ਰੁਪਏ ਵਾਲੀ ਸਾਲ ਦੀ ਐੱਫ. ਡੀ. 'ਤੇ 6,750 ਰੁਪਏ ਦਾ ਮੁਨਾਫਾ ਹੋ ਰਿਹਾ ਹੈ। ਉੱਥੇ ਹੀ, ਪ੍ਰਾਈਵੇਟ ਖੇਤਰ ਦੇ ਐਕਸਿਸ ਬੈਂਕ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਇਹ ਇਕ ਸਾਲ ਦੀ ਐੱਫ. ਡੀ. 'ਤੇ ਜਨਰਲ ਪਬਲਿਕ ਨੂੰ 6.55 ਫੀਸਦੀ, ਜਦੋਂ ਕਿ ਸੀਨੀਅਰ ਸਿਟੀਜ਼ਨਸ ਨੂੰ 7.05 ਫੀਸਦੀ ਵਿਆਜ ਦੇ ਰਿਹਾ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਐੱਫ. ਡੀ. ਤੋਂ ਜੋ ਵੀ ਕਮਾਈ ਹੁੰਦੀ ਹੈ ਉਸ 'ਤੇ ਟੈਕਸ ਕੱਟਦਾ ਹੈ। ਹਾਲਾਂਕਿ, ਇਕ ਵਿੱਤੀ ਸਾਲ 'ਚ 40,000 ਰੁਪਏ ਤਕ ਇੰਟਰਸਟ ਇਨਕਮ ਸਰਕਾਰ ਵੱਲੋਂ ਟੀ. ਡੀ. ਐੱਸ. ਮੁਕਤ ਕਰ ਦਿੱਤੀ ਗਈ ਹੈ। ਇਸ ਤੋਂ ਵੱਧ ਕਮਾਈ ਹੁੰਦੀ ਹੈ ਤਾਂ 10 ਫੀਸਦੀ ਟੀ. ਡੀ. ਐੱਸ. ਕੱਟਦਾ ਹੈ। ਟੀ. ਡੀ. ਐੱਸ. ਨਾ ਕੱਟ ਹੋਵੇ ਇਸ ਲਈ ਤੁਹਾਨੂੰ ਬਕਾਇਦਾ ਹਰ ਫਾਈਨਾਂਸ਼ਲ ਸਾਲ ਦੇ ਸ਼ੁਰੂ 'ਚ ਫਾਰਮ 15ਜੀ/15ਐੱਚ ਜਮ੍ਹਾ ਕਰਵਾਉਣਾ ਹੁੰਦਾ ਹੈ ਪਰ ਇਸ ਲਈ ਸ਼ਰਤ ਹੈ ਕਿ ਤੁਹਾਡੀ ਸਾਲਾਨਾ ਇਨਕਮ 2.5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਬਜ਼ੁਰਗਾਂ ਦੇ ਮਾਮਲੇ 'ਚ 3 ਲੱਖ ਰੁਪਏ ਤੋਂ ਘੱਟ ਹੋਣਾ ਲਾਜ਼ਮੀ ਹੈ। ਟੀ. ਡੀ. ਐੱਸ. ਫਾਰਮ 15ਐੱਚ 60 ਸਾਲ ਤੋਂ ਉਮਰ ਵਾਲੇ ਲੋਕਾਂ ਲਈ ਹੁੰਦਾ ਹੈ।