ਹੁਣ ਇਸ ਬੈਂਕ ''ਚ ਵੀ ਬਣੇਗਾ ''ਆਧਾਰ'', ਸ਼ੁਰੂ ਹੋਈ ਸਰਵਿਸ
Wednesday, Mar 21, 2018 - 03:54 PM (IST)
ਨਵੀਂ ਦਿੱਲੀ— ਹੁਣ ਤੁਹਾਨੂੰ ਆਧਾਰ ਬਣਾਉਣ ਜਾਂ ਫਿਰ ਅਪਡੇਟ ਕਰਾਉਣ ਲਈ ਸਰਵਿਸ ਸੈਂਟਰਾਂ 'ਚ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਇਹ ਸਰਵਿਸ ਹੁਣ ਬੈਂਕਾਂ 'ਚ ਵੀ ਸ਼ੁਰੂ ਹੋ ਗਈ ਹੈ। ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਦੇਸ਼ ਭਰ 'ਚ 330 ਤੋਂ ਵਧ ਬਰਾਂਚਾਂ 'ਚ ਆਧਾਰ ਸੇਵਾਵਾਂ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਬੈਂਕ ਨੇ ਜਲੰਧਰ, ਨਕੋਦਰ, ਹੁਸ਼ਿਆਰਪੁਰ, ਬਰਨਾਲਾ, ਬਠਿੰਡਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਕਪੂਰਥਲਾ, ਮਾਨਸਾ, ਮੋਗਾ, ਮੁਕਤਸਰ, ਪਠਾਨਕੋਟ, ਪਟਿਆਲਾ, ਤਰਨਤਾਰਨ, ਰੂਪਨਗਰ, ਸੰਗਰੂਰ, ਮੋਹਾਲੀ, ਅੰਮ੍ਰਿਤਸਰ 'ਚ ਕੁਝ ਪ੍ਰਮੁੱਖ ਬਰਾਂਚਾਂ 'ਚ ਆਧਾਰ ਕਾਰਡ ਨਾਲ ਸੰਬੰਧਤ ਸੇਵਾਵਾਂ ਨੂੰ ਦੇਣਾ ਸ਼ੁਰੂ ਕੀਤਾ ਹੈ।
ਜਲੰਧਰ 'ਚ ਲਾਡੋਵਾਲੀ ਰੋਡ ਸਥਿਤ ਬਰਾਂਚ ਅਤੇ ਨਕੋਦਰ ਬਰਾਂਚ 'ਚ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਉੱਥੇ ਹੀ, ਹੁਸ਼ਿਆਰਪੁਰ 'ਚ 'ਮੇਨ ਕੋਰਟ ਰੋਡ' ਸਥਿਤ ਬਰਾਂਚ ਅਤੇ ਉੜਮੁੜ ਟਾਂਡਾ 'ਚ ਐਕਸਿਸ ਬਰਾਂਚ 'ਚ ਹੁਣ ਆਧਾਰ ਨਾਲ ਸੰਬੰਧਤ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਸ ਦੇ ਇਲਾਵਾ ਲੁਧਿਆਣਾ 'ਚ ਅੱਡਾ ਦਾਖਾ ਅਤੇ ਮਾਲ ਰੋਡ ਸਥਿਤ ਬਰਾਂਚ 'ਚ ਇਹ ਸੁਵਿਧਾ ਉਪਲੱਬਧ ਹੋਵੇਗੀ। ਤੁਹਾਡੇ ਸ਼ਹਿਰ 'ਚ ਐਕਸਿਸ ਬੈਂਕ ਦੀ ਕਿਹੜੀ ਬਰਾਂਚ 'ਚ ਮਿਲੇਗੀ ਸਰਵਿਸ, ਜਾਣਨ ਲਈ ਇੱਥੇ ਕਲਿੱਕ ਕਰੋ।
ਮੌਜੂਦਾ ਸਮੇਂ ਦੇਸ਼ ਭਰ 'ਚ 6,000 ਤੋਂ ਵਧ ਬੈਂਕ ਬਰਾਂਚਾਂ ਅਤੇ 1,800 ਤੋਂ ਵਧ ਡਾਕਘਰਾਂ 'ਚ ਆਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਾਉਣ ਦੀ ਸੁਵਿਧਾ ਉਪਲੱਬਧ ਹੈ। ਜ਼ਿਕਰਯੋਗ ਹੈ ਕਿ ਨਵਾਂ ਆਧਾਰ ਕਾਰਡ ਅਪਲਾਈ ਕਰਨ ਦਾ ਕੋਈ ਚਾਰਜ ਨਹੀਂ ਹੈ, ਜਦੋਂ ਕਿ ਹੋਰ ਕੋਈ ਜਾਣਕਾਰੀ ਜਿਵੇਂ ਕਿ ਪਤਾ ਜਾਂ ਬਾਇਓਮੈਟ੍ਰਿਕ ਅਪਡੇਟ ਕਰਾਉਣ ਦੀ ਫੀਸ 25 ਰੁਪਏ ਹੈ। ਇਸ ਫੀਸ 'ਤੇ 18 ਫੀਸਦੀ ਜੀ. ਐੱਸ. ਟੀ. ਵੀ ਲਾਗੂ ਹੁੰਦਾ ਹੈ।
