ਪੰਜਾਬ ਦਾ ਇਹ ਜ਼ਿਲ੍ਹਾ ਬਣੇਗਾ ਸੋਲਰ ਮਾਡਲ, 600 ਵਿਦਿਆਰਥੀਆਂ ਦੇ ਘਰਾਂ ’ਚ ਲੱਗਣਗੇ ਮੁਫ਼ਤ ਸੋਲਰ ਸਿਸਟਮ
Saturday, Dec 20, 2025 - 01:37 PM (IST)
ਹੁਸ਼ਿਆਰਪੁਰ (ਘੁੰਮਣ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਭਵਿੱਖ ਨੂੰ ਊਰਜਾ, ਸਿੱਖਿਆ ਅਤੇ ਆਤਮ-ਨਿਰਭਰਤਾ ਦੇ ਮਜ਼ਬੂਤ ਥੰਮ੍ਹਾਂ ’ਤੇ ਖੜ੍ਹਾ ਕਰਨ ਦੀ ਦਿਸ਼ਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਚੜ੍ਹਦਾ ਸੂਰਜ ਮੁਹਿੰਮ ਤਹਿਤ ਇਕ ਪ੍ਰੇਰਕ ਅਤੇ ਦੂਰਦਰਸ਼ੀ ਪਹਿਲ ਕੀਤੀ ਹੈ। ਇਸ ਮੁਹਿੰਮ ਦੇ ਕੇਂਦਰ ’ਚ ਜਿੱਥੇ 600 ਟਾਪਰ ਵਿਦਿਆਰਥੀਆਂ ਦੇ ਘਰਾਂ ’ਤੇ 1-1 ਕਿਲੋਵਾਟ ਦਾ ਮੁਫ਼ਤ ਰੂਫ ਟਾਪ ਸੋਲਰ ਸਿਸਟਮ ਹੈ, ਉਥੇ ਹੀ ਇਸ ਦੇ ਨਾਲ-ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਰੋਜ਼ਗਾਰ ਅਤੇ ਪੇਂਡੂ ਔਰਤਾਂ ਲਈ ਰੋਜ਼ਗਾਰ ਨਾਲ ਜੁੜੇ ਦੋ ਹੋਰ ਪ੍ਰਾਜੈਕਟ ਵੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪ੍ਰਧਾਨਗੀ ਵਿਚ ਜ਼ਿਲ੍ਹੇ ’ਚ ਕੰਮ ਕਰ ਰਹੀਆਂ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਨਾਲ ਹੋਈ ਮੀਟਿੰਗ ਵਿਚ ਇਹ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਵਿਕਾਸ ਤਾਂ ਹੀ ਟਿਕਾਊ ਹੋਵੇਗਾ, ਜਦੋਂ ਪ੍ਰਸ਼ਾਸਨ ਅਤੇ ਸਮਾਜ ਮਿਲ ਕੇ ਅੱਗੇ ਵਧੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੂਰੀ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜਿਸ ਵਿਚ ਸਵੈ-ਸੇਵੀ ਸੰਸਥਾਵਾਂ ਨੂੰ ਬਦਲਾਅ ਦਾ ਸਭ ਤੋਂ ਮਜ਼ਬੂਤ ਮਾਧਿਅਮ ਮੰਨਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ , ਸਹਾਇਕ ਕਮਿਸ਼ਨਰ ਓਇਸ਼ੀ ਮੰਡਲ , ਸਕੱਤਰ ਜ਼ਿਲਾ ਰੈੱਡ ਕਰਾਸ ਸੋਸਾਇਟੀ ਮੰਗੇਸ਼ ਸੂਦ ਅਤੇ ਸੰਯੁਕਤ ਸਕੱਤਰ ਆਦਿੱਤਿਆ ਰਾਣਾ ਵੀ ਇਸ ਮੀਟਿੰਗ ਵਿਚ ਮੌਜੂਦ ਸਨ।
ਇਹ ਵੀ ਪੜ੍ਹੋ: Punjab:ਕਹਿਰ ਓ ਰੱਬਾ! ਸੜਕ ਹਾਦਸੇ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤ, ਤੜਫ਼-ਤੜਫ਼ ਕੇ ਨਿਕਲੀ ਜਾਨ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੜ੍ਹਦਾ ਸੂਰਜ ਮੁਹਿੰਮ ਦੀ ਸਭ ਤੋਂ ਪ੍ਰਭਾਵਸ਼ਾਲੀ ਲੜੀ 'ਗੋ ਸੋਲਰ ਮੁਹਿੰਮ' ਹੈ। ਉਨ੍ਹਾਂ ਐਲਾਨ ਕੀਤਾ ਕਿ ਸੀ. ਐੱਸ. ਆਰ. ਸਹਿਯੋਗ ਨਾਲ ਸਾਲ 2024-25 ਦੇ ਦਸਵੀਂ ਜਮਾਤ ਦੇ 600 ਟਾਪਰ ਵਿਦਿਆਰਥੀਆਂ ਦੇ ਘਰਾਂ ’ਤੇ 1 ਕਿਲੋਵਾਟ ਤੱਕ ਦਾ ਰੂਫ ਟਾਪ ਸੋਲਰ ਸਿਸਟਮ ਪੂਰੀ ਤਰ੍ਹਾਂ ਮੁਫ਼ਤ ਲਾਇਆ ਜਾਵੇਗਾ। ਇਹ ਪਹਿਲ ਨਾ ਸਿਰਫ਼ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਦਾ ਪ੍ਰਤੀਕ ਹੈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਰਾਹੀਂ ਪੂਰੇ ਸਮਾਜ ਨੂੰ ਸਵੱਛ ਅਤੇ ਸਸਤੀ ਸੂਰਜੀ ਊਰਜਾ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਮਜ਼ਬੂਤ ਸੰਦੇਸ਼ ਵੀ ਦਿੰਦੀ ਹੈ। ਉਨ੍ਹਾਂ ਐੱਨ. ਜੀ. ਓਜ਼ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਲੋਕ ਸਮਝ ਸਕਣ ਕਿ ਸੂਰਜੀ ਊਰਜਾ ਬਿਜਲੀ ਬਿੱਲ ਵਿਚ ਰਾਹਤ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਦਾ ਵੀ ਮਾਧਿਅਮ ਹੈ। ਇਸੇ ਲੜੀ ਵਿਚ ਇਹ ਵੀ ਐਲਾਨ ਕੀਤਾ ਗਿਆ ਕਿ ਜੋ ਐੱਨ. ਜੀ. ਓ. 28 ਫਰਵਰੀ 2026 ਤੱਕ 25 ਸੋਲਰ ਪੈਨਲ ਸਥਾਪਿਤ ਕਰਵਾਏਗੀ, ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 25 ਹਜ਼ਾਰ ਰੁਪਏ ਦਾ ਰਿਵਾਰਡ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਟਾਂਡਾ 'ਚ ਹੋਏ ਬਿੱਲਾ ਕਤਲ ਕਾਂਡ ਦੇ ਮਾਮਲੇ 'ਚ ਨਵੀਂ ਅਪਡੇਟ! ਪੁਲਸ ਨੇ ਕੀਤੀ ਵੱਡੀ ਕਾਰਵਾਈ
ਉਨ੍ਹਾਂ ਕਿਹਾ ਕਿ ਚੜ੍ਹਦਾ ਸੂਰਜ ਮੁਹਿੰਮ ਤਹਿਤ 'ਵਿੰਗਜ਼ ਪ੍ਰਾਜੈਕਟ' ਸਮਾਜ ਦੇ ਉਸ ਵਰਗ ਦੇ ਲਈ ਆਸ਼ਾ ਦੀ ਕਿਰਨ ਬਣ ਕੇ ਉਭਰਿਆ ਹੈ, ਜਿਸ ਨੂੰ ਅਕਸਰ ਮੁੱਖ ਧਾਰਾ ਤੋਂ ਦੂਰ ਸਮਝਿਆ ਜਾਂਦਾ ਹੈ। ਇਸ ਪ੍ਰਾਜੈਕਟ ਤਹਿਤ ਹੁਸ਼ਿਆਰਪੁਰ ਵਿਚ 7 ਥਾਵਾਂ ’ਤੇ ਕੰਟੀਨਾਂ ਸਥਾਪਿਤ ਕਰਕੇ 16 ਵਿਸ਼ੇਸ਼ ਬੱਚਿਆਂ ਨੂੰ ਸਨਮਾਨਜਨਕ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਐੱਨ. ਜੀ. ਓਜ਼ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਸ ਤਰ੍ਹਾਂ ਦੇ ਬੱਚਿਆਂ ਦੀ ਪਛਾਣ ਕਰਨ ਅਤੇ ਵਿੰਗਜ਼ ਪ੍ਰਾਜੈਕਟ ਦੇ ਵਿਸਥਾਰ ਵਿਚ ਭਾਗੀਦਾਰੀ ਬਣਨ। ਉਨ੍ਹਾਂ ਨੇ ਐੱਨ. ਜੀ. ਓ. ਨੂੰ ਪ੍ਰਾਜੈਕਟ ਤਹਿਤ ਆਪਣੇ ਪੱਧਰ ‘ਤੇ ਕੰਟੀਨਾਂ ਖੋਲ੍ਹਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਵੱਲੋਂ ਹਰ ਤਰ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ, ਜਦਕਿ ਸੰਚਾਲਨ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਐੱਨ. ਜੀ. ਓਜ਼ ਸੰਭਾਲਣਗੇ।
ਇਹ ਵੀ ਪੜ੍ਹੋ: Punjab: ਜੰਗ ਦਾ ਮੈਦਾਨ ਬਣਿਆ ਖੇਤ! ਪ੍ਰਵਾਸੀ ਮਜ਼ਦੂਰਾਂ ਕਰਕੇ ਹੋ ਗਈ ਫਾਇਰਿੰਗ, ਕੰਬਿਆ ਪੂਰਾ ਇਲਾਕਾ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਤੀਜੀ ਮਹੱਤਵਪੂਰਨ ਪਹਿਲ 'ਸੂਈ-ਧਾਗਾ' ਪ੍ਰਾਜੈਕਟ ਹੈ, ਜਿਸ ਦਾ ਉਦੇਸ਼ ਦਿਹਾਤੀ ਲੋੜਵੰਦ ਮਹਿਲਾਵਾਂ ਨੂੰ ਹੁਨਰ ਵਿਕਾਸ ਰਾਹੀਂ ਪੱਕੇ ਤੌਰ ’ਤੇ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਇਸ ਪ੍ਰਾਜੈਕਟ ਤਹਿਤ ਪਿੰਡਾਂ, ਤਹਿਸੀਲਾਂ ਅਤੇ ਬਲਾਕਾਂ ਵਿਚ ਸਿਲਾਈ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਰੈਡ ਕਰਾਸ ਸੁਸਾਇਟੀ ਉਪਲੱਬਧ ਕਰਵਾਏਗੀ, ਜਦਕਿ ਸੰਚਾਲਨ ਮਗਨਰੇਗਾ ਫਰੇਮਵਰਕ ਤਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਨ. ਜੀ. ਓਜ਼ ਤੋਂ ਉਮੀਦ ਹੈ ਕਿ ਉਹ ਢੁੱਕਵੀਆਂ ਥਾਵਾਂ ਅਤੇ ਚਾਹਵਾਨ ਮਹਿਲਾਵਾਂ ਦੀ ਪਛਾਣ ਕਰਕੇ ਕਮਿਊਨਿਟੀ ਲਾਮਬੰਦੀ ਵਿਚ ਸਹਿਯੋਗ ਦੇਣਗੀਆਂ।
ਇਹ ਵੀ ਪੜ੍ਹੋ: Punjab: ਭਲਾਈ ਦਾ ਨਹੀਂ ਜ਼ਮਾਨਾ! ਝਗੜਾ ਸੁਲਝਾਉਣ ਗਏ ਮੁੰਡੇ ਦਾ ਕਰ ਦਿੱਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
