ਕੋਰੋਨਾ ਸੰਕਟ 'ਚ ਜਿਓ ਦੀ ਚਾਂਦੀ, ਵਿਦੇਸ਼ੀ ਨਿਵੇਸ਼ 1 ਲੱਖ ਕਰੋੜ ਹੋਣ ਦੇ ਨੇੜੇ

Sunday, Jun 07, 2020 - 08:00 PM (IST)

ਕੋਰੋਨਾ ਸੰਕਟ 'ਚ ਜਿਓ ਦੀ ਚਾਂਦੀ, ਵਿਦੇਸ਼ੀ ਨਿਵੇਸ਼ 1 ਲੱਖ ਕਰੋੜ ਹੋਣ ਦੇ ਨੇੜੇ

ਨਵੀਂ ਦਿੱਲੀ— ਜਿਓ 'ਚ ਨਿਵੇਸ਼ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਜਿਓ ਪਲੇਟਫਾਰਮ 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਸੱਤਵੇਂ ਹਫਤੇ 'ਚ 8ਵੀਂ ਵੱਡੀ ਕੰਪਨੀ ਅਬੂਧਾਬੀ ਇਨਵੈਸਟਮੈਂਟ ਅਥਾਰਿਟੀ (ਏ. ਡੀ. ਆਈ. ਏ.) ਨੇ ਹੁਣ ਜਿਓ ਪਲੇਟਫਾਰਮ 'ਚ 1.16 ਫੀਸਦੀ ਹਿੱਸੇਦਾਰੀ ਲਈ 5,683.50 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ।

ਪਿਛਲੇ 47 ਦਿਨਾਂ 'ਚ 8 ਵੱਡੇ ਨਿਵੇਸ਼ਕਾਂ ਦਾ ਜਿਓ 'ਚ ਕੁੱਲ ਮਿਲਾ ਕੇ 97,885.65 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ, ਜਿਨ੍ਹਾਂ ਨੇ ਕੁੱਲ ਮਿਲਾ ਕੇ ਜਿਓ 'ਚ 21.06 ਫੀਸਦੀ ਹਿੱਸੇਦਾਰੀ ਲਈ ਹੈ। ਇਹ ਨਿਵੇਸ਼ 22 ਅਪ੍ਰੈਲ ਨੂੰ ਫੇਸਬੁੱਕ ਤੋਂ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਸਿਲਵਰ ਲੇਕ, ਵਿਸਟਾ ਇਕੁਇਟੀ, ਜਨਰਲ ਅਟਲਾਂਟਿਕ, ਕੇ. ਕੇ. ਆਰ., ਮੁਬਾਡਲਾ ਅਤੇ ਸਿਲਵਰ ਲੇਕ ਨੇ ਹੋਰ ਨਿਵੇਸ਼ ਕੀਤਾ।

ਰਿਲਾਇੰਸ ਜਿਓ ਇੰਫੋਕਾਮ ਲਿਮਟਿਡ ਦੇ 38 ਕਰੋੜ 80 ਲੱਖ ਗਾਹਕ ਹਨ, ਇਹ ਜਿਓ ਪਲੇਟਫਾਰਮ ਲਿਮਟਿਡ ਦੀ ਪੂਰੀ ਮਾਲਕੀ ਵਾਲੀ ਇਕਾਈ ਬਣੀ ਰਹੇਗੀ। ਸਾਲ 1976 'ਚ ਸਥਾਪਤ ਏ. ਡੀ. ਆਈ. ਏ. ਵਿਸ਼ਵ ਪੱਧਰ 'ਤੇ ਆਬੂਧਾਬੀ ਸਰਕਾਰ ਵੱਲੋਂ ਨਿਵੇਸ਼ ਕਰਦੀ ਹੈ।
ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਤੇ ਪ੍ਰਬੰਧਕ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ, ''ਮੈਨੂੰ ਖੁਸ਼ੀ ਹੈ ਕਿ ਏ. ਡੀ. ਆਈ. ਏ. ਨਿਵੇਸ਼ ਦੇ ਚਾਰ ਦਹਾਕਿਆਂ ਦੀ ਸਫਲਤਾ ਦੇ ਟ੍ਰੈਕ ਰਿਕਾਰਡ ਦੇ ਨਾਲ, ਜਿਓ ਪਲੇਟਫਾਰਮ ਨਾਲ ਸਾਂਝੇਦਾਰੀ ਕਰ ਰਿਹਾ ਹੈ। ਉਹ ਜਿਓ ਦੇ ਮਿਸ਼ਨ 'ਚ ਭਾਈਵਾਲ ਹੈ, ਜੋ ਭਾਰਤ ਲਈ ਡਿਜੀਟਲ ਲੀਡਰਸ਼ਿਪ ਅਤੇ ਵਿਕਾਸ ਦੇ ਮੌਕੇ ਪੈਦਾ ਕਰਦਾ ਹੈ। ਇਹ ਸਾਡੀ ਨਿਵੇਸ਼ ਰਣਨੀਤੀ ਅਤੇ ਭਾਰਤ ਦੀ ਸਮਰੱਥਾ 'ਤੇ ਏ. ਡੀ. ਆਈ. ਏ. ਦਾ ਭਰੋਸਾ ਹੈ।''


author

Sanjeev

Content Editor

Related News