ਓਮਾਨ ’ਚ 3 ਅਰਬ ਡਾਲਰ ਦਾ ਗ੍ਰੀਨ ਸਟੀਲ ਪਲਾਂਟ ਸਥਾਪਿਤ ਕਰੇਗਾ ਜਿੰਦਲ ਸ਼ਦੀਦ ਗਰੁੱਪ
Tuesday, Dec 06, 2022 - 10:23 AM (IST)
ਬਿਜਨੈੱਸ ਡੈਸਕ–ਜਿੰਦਲ ਸ਼ਦੀਦ ਸਮੂਹ ਨੇ ਐਲਾਨ ਕੀਤਾ ਹੈ ਕਿ ਉਹ ਓਮਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਡੁਕਮ ’ਚ ਸਥਿਤ ਇਕ ਵਿਸ਼ੇਸ਼ ਆਰਥਿਕ ਖੇਤਰ ’ਚ ਗ੍ਰੀਨ ਸਟੀਲ ਪਲਾਂਟ ਸਥਾਪਿਤ ਕਰਨ ਲਈ 3 ਅਰਬ ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ। ਇਸ ਹਾਈਡ੍ਰੋਜਨ-ਤਿਆਰ ਸਟੀਲ ਯੋਜਨਾ ’ਚ ਸਾਲਾਨਾ 5 ਮਿਲੀਅਨ ਟਨ ਸਟੀਲ ਦਾ ਉਤਪਾਦਨ ਕਰਨ ਦੀ ਸਮਰੱਥਾ ਹੋਵੇਗੀ। ਪ੍ਰਸਤਾਵਿਤ ਗ੍ਰੀਨ ਸਟੀਲ ਪਲਾਂਟ ਸਟੀਲ ਦੇ ਉਤਪਾਦਨ ਲਈ ਕੁਦਰਤੀ ਗੈਸ ਦੀ ਵਰਤੋਂ ਕੀਤੀ ਜਾਵੇਗੀ।
ਪਹਿਲਾਂ ਤੋਂ ਸਥਾਪਿਤ ਹੈ ਇਕ ਹੋਰ ਪਲਾਂਟ
ਜਿੰਦਲ ਸ਼ਦੀਦ ਗਰੁੱਪ ਨਵੀਨ ਜਿੰਦਲ ਦੀ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇ. ਐੱਸ. ਪੀ. ਐੱਲ.) ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਜਿੰਦਲ ਸ਼ਦੀਦ ਗਰੁੱਪ ਦੀ ਓਮਾਨ ਦੇ ਸੋਹਰ ’ਚ ਇਕ ਸਾਲਾਨਾ 2 ਮਿਲੀਅਨ ਟਨ ਸਟੀਲ ਸਮਰੱਥਾ ਵਾਲਾ ਸਟੀਲ ਪਲਾਂਟ ਪਹਿਲਾਂ ਤੋਂ ਹੀ ਹੈ।
ਗ੍ਰੀਨ ਸਟੀਲ ਦੇ ਨਿਰਮਾਣ ’ਚ ਕਾਰਬਨ-ਡੂੰਘੇ ਜੀਵਾਸ਼ਮ ਈਂਧਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਕੋਲੇ ਨਾਲ ਚੱਲਣ ਵਾਲੇ ਪਲਾਟਾਂ ਦੇ ਰਵਾਇਤੀ ਕਾਰਬਨ-ਡੂੰਘੇ ਨਿਰਮਾਣ ਦੀ ਥਾਂ ਹਾਈਡ੍ਰੋਜਨ, ਕੁਦਰਤੀ ਗੈਸ, ਕੋਲਾ ਗੈਸੀਕਰਨ ਜਾਂ ਬਿਜਲੀ ਵਰਗੇ ਘੱਟ ਕਾਰਬਨ ਊਰਜਾ ਸ੍ਰੋਤਾਂ ਦੀ ਵਰਤੋਂ ਕਰ ਕੇ ਸਟੀਲ ਦਾ ਉਤਪਾਦਨ ਕੀਤਾ ਜਾਂਦਾ ਹੈ।
ਗ੍ਰੀਨ ਸਟੀਲ ਦੀ ਲੋੜ ਕਿਉਂ?
ਗਲੋਬਲ ਪੱਧਰ ’ਤੇ ਕੱਚਾ ਲੋਹਾ ਅਤੇ ਇਸਪਾਤ ਉਦਯੋਗ ਸਾਲਾਨਾ ਆਧਾਰ ’ਤੇ ਕੁੱਲ ਸੀ. ਓ.-2 ਨਿਕਾਸੀ ਦਾ ਲਗਭਗ 8 ਫੀਸਦੀ ਹੈ ਜਦ ਕਿ ਭਾਰਤ ’ਚ ਇਹ ਕੁੱਲ ਸੀ. ਓ.-2 ਨਿਕਾਸੀ ’ਚ 12 ਫੀਸਦੀ ਦਾ ਯੋਗਦਾਨ ਦਿੰਦਾ ਹੈ। ਭਾਰਤ ਨੇ 2070 ਤੱਕ ਸ਼ੁੱਧ ਜ਼ੀਰੋ ਕਾਰਬਨ ਪ੍ਰਾਪਤ ਕਰਨ ਲਈ ਖੁਦ ਨੂੰ ਵਚਨਬੱਧ ਕੀਤਾ ਹੈ ਅਤੇ ਜੇ ਭਾਰਤ ਨੂੰ ਉਸ ਟੀਚੇ ਨੂੰ ਪ੍ਰਾਪਤ ਕਰਨਾ ਹੈ ਤਾਂ ਭਾਰਤੀ ਇਸਪਾਤ ਉਦਯੋਗ ਨੂੰ 2070 ਤੱਕ ਆਪਣੀ ਨਿਕਾਸੀ ਨੂੰ ਸ਼ੁੱਧ ਜ਼ੀਰੋ ਤੱਕ ਘੱਟ ਕਰਨ ਦੀ ਲੋੜ ਹੈ। ਇਸ ਲਈ ਭਾਰਤ ’ਚ ਕਈ ਯਤਨ ਕੀਤੇ ਜਾ ਰਹੇ ਹਨ।
ਕੋਲੇ ਦੇ ਇਸਤੇਮਾਲ ਨੂੰ ਘੱਟ ਕਰਨ ਦਾ ਟੀਚਾ
ਹਾਲ ਹੀ ’ਚ ਅਨਿਲ ਅੱਗਰਵਾਲ ਦੀ ਮਲਕੀਅਤ ਵਾਲੀ ਵੇਦਾਂਤਾ ਕੰਪਨੀ ਨੇ ਹਾਈਡ੍ਰੋਜਨ ਦੀ ਵਰਤੋਂ ਕਰ ਕੇ ਗ੍ਰੀਨ ਇਸਪਾਤ ਦੇ ਉਤਪਾਦਨ ਲਈ ਤਕਨਾਲੋਜੀ ਵਿਕਸਿਤ ਕਰਨ ਲਈ ਆਈ. ਆਈ. ਟੀ.-ਬੰਬੇ ਨਾਲ ਇਕ ਸਮਝੌਤੇ ’ਤ ਹਸਤਾਖਰ ਕੀਤੇ ਹਨ। ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇ. ਐੱਸ. ਪੀ. ਐੱਲ.) ਨੇ ਆਪਣੇ ਓਡਿਸ਼ਾ ਪਲਾਂਟ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਤੇ ਗ੍ਰੀਨ ਸਹੂਲਤ ਵਜੋਂ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਸਵੱਛ ਕੋਲਾ ਤਕਨਾਲੋਜੀਆਂ ਦੀ ਵਰਤੋਂ ਕਰ ਕੇ ਸਟੀਲ ਦਾ ਉਤਪਾਦਨ ਕਰਨ ਲਈ ਕੋਲਾ ਗੈਸੀਕਰਨ ਦਾ ਨਿਰਮਾਣ ਕਰਨ ਵਾਲੀ ਦੁਨੀਆ ਦੀ ਪਹਿਲੀ ਇਸਪਾਤ ਨਿਰਮਾਤਾ ਹੋਣ ਦਾ ਦਾਅਵਾ ਕਰਦੀ ਹੈ।