ਮਾਮੂਲੀ ਝਗੜੇ ਨੂੰ ਲੈ ਕੇ ਚੱਲੀ ਗੋਲੀ, ਤਿੰਨ ਜਣੇ ਜ਼ਖਮੀ
Wednesday, Oct 15, 2025 - 11:06 AM (IST)

ਬਠਿੰਡਾ (ਵਰਮਾ) : ਸੰਗਤ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਕੋਟਗੁਰੂ 'ਚ ਅੱਧਾ ਦਰਜਨ ਲੋਕਾਂ ਨੇ ਮਾਮੂਲੀ ਝਗੜੇ ਨੂੰ ਲੈ ਕੇ ਕਈ ਲੋਕਾਂ ’ਤੇ ਗੋਲੀਆਂ ਚਲਾ ਦਿੱਤੀਆਂ। ਤਿੰਨ ਲੋਕ ਰਾਈਫਲ ਦੇ ਛਰਲਿਆਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੰਗਤ ਥਾਣਾ ਪੁਲਸ ਨੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਅਤੇ ਗੋਲੀਬਾਰੀ ਕਰਨ ਵਾਲੇ ਪਿਓ-ਪੁੱਤ ਸਮੇਤ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਪਿੰਡ ਕੋਟਗੁਰੂ ਦੇ ਵਸਨੀਕ ਧਰਮਪ੍ਰੀਤ ਸਿੰਘ ਨੇ ਸੰਗਤ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ 13 ਅਕਤੂਬਰ ਦੀ ਰਾਤ ਨੂੰ ਕਰੀਬ 8 ਵਜੇ ਉਹ ਅਤੇ ਕੋਟਗੁਰੂ ਪਿੰਡ ਦੇ ਰਹਿਣ ਵਾਲੇ ਚੜ੍ਹਤ ਸਿੰਘ ਅਤੇ ਜਜਵੀਰ ਸਿੰਘ, ਬੱਸ ਸਟੈਂਡ ’ਤੇ ਖੜ੍ਹੇ ਸਨ।
ਇਸ ਦੌਰਾਨ ਦੋਸ਼ੀ ਸੰਦੀਪ ਸਿੰਘ ਉਰਫ਼ ਕਾਲੀ, ਉਸਦਾ ਪਿਤਾ ਬਲਜਿੰਦਰ ਸਿੰਘ ਉਰਫ਼ ਨੀਲਾ ਵਾਸੀ ਪਿੰਡ ਕੋਟਗੁਰੂ, ਹਰਸ਼ਦੀਪ ਸਿੰਘ, ਜਗਜੀਤ ਸਿੰਘ ਅਤੇ 4/5 ਅਣਪਛਾਤੇ ਵਿਅਕਤੀ ਉਕਤ ਜਗ੍ਹਾ ’ਤੇ ਆਏ ਅਤੇ ਉਨ੍ਹਾਂ ਨੂੰ ਮਾਰਨ ਦੇ ਇਰਾਦੇ ਨਾਲ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੇ ਛਰਲਿਆਂ ਕਾਰਨ ਤਿੰਨੋਂ ਜ਼ਖਮੀ ਹੋ ਗਏ, ਜਦੋਂ ਕਿ ਮੁਲਜ਼ਮ ਮੌਕੇ ਤੋਂ ਭੱਜ ਗਿਆ। ਸੰਗਤ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੀੜਤਾਂ ਨੇ ਕੋਟਗੁਰੂ ਪਿੰਡ ਦੇ ਵਸਨੀਕ ਹਰਸ਼ਪ੍ਰੀਤ ਸਿੰਘ ਤੋਂ 5,500 ਰੁਪਏ ਵਿਚ ਇਕ ਵਾਸ਼ਿੰਗ ਮਸ਼ੀਨ ਖ਼ਰੀਦੀ ਸੀ। ਉਨ੍ਹਾਂ ਨੇ ਮਸ਼ੀਨ ਲਈ 4,000 ਰੁਪਏ ਦਾ ਭੁਗਤਾਨ ਕੀਤਾ ਸੀ, ਬਾਕੀ 1,500 ਰੁਪਏ ਦਾ ਭੁਗਤਾਨ ਕਰਨਾ ਬਾਕੀ ਹੈ।
ਬੀਤੀ ਸੋਮਵਾਰ ਰਾਤ ਨੂੰ ਮੁਲਜ਼ਮ ਹਰਸ਼ਪ੍ਰੀਤ ਸਿੰਘ ਹੋਰ ਮੁਲਜ਼ਮਾਂ ਨਾਲ ਪੀੜਤਾਂ ਤੋਂ ਬਕਾਇਆ ਪੈਸੇ ਲੈਣ ਆਇਆ ਸੀ, ਜਿੱਥੇ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਬਲਵਿੰਦਰ ਸਿੰਘ ਨੇ ਆਪਣੀ ਰਾਈਫਲ ਨਾਲ ਪੀੜਤਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿਚ ਧਰਮਵੀਰ ਸਿੰਘ, ਚੜ੍ਹਤ ਸਿੰਘ ਅਤੇ ਜਜਵੀਰ ਸਿੰਘ ਮਾਮੂਲੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੀੜਤਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਬਲਵਿੰਦਰ ਸਿੰਘ, ਉਸਦੇ ਪੁੱਤਰ ਸੰਦੀਪ ਸਿੰਘ, ਹਰਸ਼ਦੀਪ ਸਿੰਘ, ਜਗਜੀਤ ਸਿੰਘ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।