ਸਾਡਾ ਗਰੁੱਪ ਅੱਜ ਵੀ ਜਗਦੀਸ਼ ਸਿੰਘ ਝੀਂਡਾ ਨੂੰ ਨਹੀਂ ਮੰਨਦਾ ਪ੍ਰਧਾਨ : ਜਥੇਦਾਰ ਤਲਾਕੌਰ
Tuesday, Oct 14, 2025 - 07:22 PM (IST)

ਚੰਡੀਗੜ੍ਹ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਖਿਲਾਫ ਚੱਲ ਰਿਹਾ ਲੀਡਰਸ਼ਿਪ ਵਿਵਾਦ ਅਜੇ ਵੀ ਜਾਰੀ ਹੈ। ਕਮੇਟੀ ਦੇ 17 ਮੈਂਬਰ ਸਾਹਿਬਾਨਾਂ ਵੱਲੋਂ ਪ੍ਰਧਾਨ ਝੀਂਡਾ ਨੂੰ ਜਰਨਲ ਹਾਊਸ ਬੁਲਾ ਕੇ ਆਪਣਾ ਬਹੁਮਤ ਸਾਬਤ ਕਰਨ ਲਈ ਦਿੱਤਾ ਗਿਆ ਨੋਟਿਸ ਅੱਜ ਵੀ ਬਰਕਰਾਰ ਹੈ। ਉੱਘੇ ਕਿਸਾਨ ਆਗੂ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਗੁਰਬੀਰ ਸਿੰਘ ਤਲਾਕੌਰ ਨੇ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਕੱਲ੍ਹ ਦੇ ਅਖਬਾਰਾਂ ਵਿੱਚ ਝੀਂਡਾ ਦੇ ਪ੍ਰਧਾਨ ਬਣੇ ਰਹਿਣ ਬਾਰੇ ਛਪੀ ਬਿਆਨਬਾਜ਼ੀ ਗੁੰਮਰਾਹਕੁੰਨ ਹੈ। ਇਨ੍ਹਾਂ ਖਬਰਾਂ ਵਿੱਚ ਕਿਹਾ ਗਿਆ ਸੀ ਕਿ ਪਿਛਲੇ ਦਿਨਾਂ ਤੋਂ ਦੋਹਾਂ ਧਿਰਾਂ ਵਿਚਕਾਰ ਚੱਲ ਰਿਹਾ ਮੱਤਭੇਦ ਖਤਮ ਹੋ ਕੇ ਸਮਝੌਤਾ ਹੋ ਗਿਆ ਹੈ।
ਜਥੇਦਾਰ ਤਲਾਕੌਰ ਨੇ ਦੱਸਿਆ ਕਿ ਅਸਲ ਵਿੱਚ ਸਮਝੌਤਾ ਸਿਰਫ਼ ਪਹਿਲਾਂ ਤੋਂ ਨਾਰਾਜ਼ ਚੱਲ ਰਹੀ ਤੀਜੀ ਧਿਰ ਅਕਾਲੀ ਦਲ ਬਾਦਲ ਗਰੁੱਪ ਅਤੇ ਕੁਝ ਆਜ਼ਾਦ ਮੈਂਬਰਾਂ ਦੇ ਗਰੁੱਪ ਨਾਲ ਹੋਇਆ ਹੈ। ਇਹ ਉਹ ਮੈਂਬਰ ਸਨ ਜੋ ਝੀਂਡਾ ਦੇ ਪ੍ਰਧਾਨ ਬਣਨ ਵੇਲੇ ਜਰਨਲ ਹਾਊਸ ਦਾ ਬਾਈਕਾਟ ਕਰਕੇ ਬਾਹਰ ਚਲੇ ਗਏ ਸਨ ਅਤੇ ਉਨ੍ਹਾਂ ਨੇ ਚੋਣ ਕਮਿਸ਼ਨਰ ਕੋਲ ਝੀਂਡਾ ਦੀ ਪ੍ਰਧਾਨਗੀ ਰੱਦ ਕਰਨ ਵਾਸਤੇ ਕੇਸ ਵੀ ਦਾਇਰ ਕੀਤਾ ਹੋਇਆ ਹੈ।
ਮੀਤ ਪ੍ਰਧਾਨ ਤਲਾਕੌਰ ਨੇ ਜਗਦੀਸ਼ ਸਿੰਘ ਝੀਂਡਾ ਅਤੇ ਅਕਾਲੀ ਦਲ ਬਾਦਲ ਗਰੁੱਪ ਦੇ ਨਵੇਂ ਗੱਠਜੋੜ 'ਤੇ ਮੁਬਾਰਕਬਾਦ ਦਿੱਤੀ ਪਰ ਨਾਲ ਹੀ ਸਖ਼ਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਦਿੱਤਾ ਗਿਆ ਨੋਟਿਸ ਅੱਜ ਵੀ ਬਰਕਰਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ 49 ਮੈਂਬਰਾਂ ਦੇ ਹਾਊਸ ਵਿੱਚੋਂ, ਜਦੋਂ ਝੀਂਡਾ ਨੂੰ ਪ੍ਰਧਾਨਗੀ ਦਿੱਤੀ ਗਈ ਸੀ ਤਾਂ ਉਨ੍ਹਾਂ ਦੇ ਨਾਲ 29 ਮੈਂਬਰ ਸਨ ਪਰ ਹੁਣ ਉਨ੍ਹਾਂ ਦੇ ਨਾਲ ਸਿਰਫ਼ 10 ਮੈਂਬਰ ਹਨ। ਬਾਕੀ ਮੈਂਬਰਾਂ ਨੇ ਝੀਂਡਾ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ।
ਤਲਾਕੌਰ ਨੇ ਦੋਸ਼ ਲਾਇਆ ਕਿ ਜਗਦੀਸ਼ ਸਿੰਘ ਝੀਂਡਾ ਗੁਰਦੁਆਰਾ ਐਕਟ 2014 ਦੇ ਖਿਲਾਫ ਜਾ ਕੇ 'ਆਪਹੁਦਰੀਆਂ' ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਗਰੁੱਪ ਝੀਂਡਾ ਨੂੰ ਅੱਜ ਵੀ ਪ੍ਰਧਾਨ ਨਹੀਂ ਮੰਨਦਾ।
ਜਥੇਦਾਰ ਤਲਾਕੌਰ ਨੇ ਮੰਗ ਕੀਤੀ ਹੈ ਕਿ ਜਗਦੀਸ਼ ਸਿੰਘ ਝੀਂਡਾ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਪ੍ਰਧਾਨਗੀ ਤੋਂ ਅਸਤੀਫਾ ਦੇਣ, ਇਸ ਤੋਂ ਬਾਅਦ ਉਹ ਨਵੇਂ ਗਠਜੋੜ (ਅਕਾਲੀ ਦਲ ਬਾਦਲ ਗਰੁੱਪ ਨਾਲ) ਦੁਆਰਾ ਜਰਨਲ ਹਾਊਸ ਬੁਲਾ ਕੇ ਬਹੁਮਤ ਹਾਸਿਲ ਕਰਕੇ ਦੁਬਾਰਾ ਪ੍ਰਧਾਨ ਬਣ ਸਕਦੇ ਹਨ, ਜਿਸ 'ਤੇ ਉਨ੍ਹਾਂ ਦੇ ਗਰੁੱਪ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।