ਹੁਣ ATF ਦੀ ਕੀਮਤ 2.5% ਵਧੀ, ਵਿਗੜ ਸਕਦੈ ਤੁਹਾਡਾ ਹਾਲੀਡੇ ਮੂਡ

Wednesday, May 01, 2019 - 02:48 PM (IST)

ਨਵੀਂ ਦਿੱਲੀ— ਗਰਮੀ ਦੇ ਮੌਜੂਦਾ ਸੀਜ਼ਨ 'ਚ ਹਾਲੀਡੇ ਦੌਰਾਨ ਘੁੰਮਣ ਜਾਣ ਲਈ ਹਵਾਈ ਸਫਰ ਕਰਨ ਦੀ ਸੋਚ ਰਹੇ ਲੋਕਾਂ ਦੀ ਜੇਬ ਹੋਰ ਢਿੱਲੀ ਹੋ ਸਕਦੀ ਹੈ। ਪਹਿਲਾਂ ਹੀ ਆਸਮਾਨ ਛੂਹ ਰਹੇ ਹਵਾਈ ਕਿਰਾਏ ਹੋਰ ਵਧ ਸਕਦੇ ਹਨ।

ਇਸ ਦਾ ਕਾਰਨ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਮਈ ਲਈ ਜੈੱਟ ਈਂਧਣ ਦੀਆਂ ਕੀਮਤਾਂ 2.5 ਫੀਸਦੀ ਤਕ ਵਧਾ ਦਿੱਤੀਆਂ ਹਨ। ਹੁਣ ਦਿੱਲੀ ਤੇ ਮੁੰਬਈ 'ਚ ਹਵਾਬਾਜ਼ੀ ਟਰਬਾਈਨ ਈਂਧਣ (ਏ. ਟੀ. ਐੱਫ.) ਦੀ ਕੀਮਤ 65,067.85 ਰੁਪਏ ਅਤੇ 65,029.29 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ, ਜੋ ਪਿਛਲੇ ਮਹੀਨੇ ਕ੍ਰਮਵਾਰ 63,472.22 ਤੇ 63,447.54 ਸਨ।
 

 

ਵਿੱਤੀ ਸੰਕਟ 'ਚ ਫਸੀ ਨਿੱਜੀ ਜਹਾਜ਼ ਕੰਪਨੀ ਜੈੱਟ ਦੀਆਂ ਫਲਾਈਟਾਂ 'ਚ ਕਮੀ ਕਾਰਨ ਇਸ ਸਾਲ ਦੇ ਸ਼ੁਰੂ 'ਚ ਕਿਰਾਏ ਵਧਣੇ ਸ਼ੁਰੂ ਹੋਏ ਸਨ। 17 ਅਪ੍ਰੈਲ ਨੂੰ ਉਸ ਨੇ ਕੰਮਕਾਜ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਜਿਸ ਮਗਰੋਂ ਹਵਾਈ ਟਿਕਟਾਂ ਦੀ ਕੀਮਤ ਇਕਦਮ ਹੋਰ ਵਧ ਗਈ।
ਸੂਤਰਾਂ ਦਾ ਕਹਿਣਾ ਹੈ ਕਿ ਹੁਣ ਜਹਾਜ਼ ਈਂਧਣ ਦੀ ਕੀਮਤ ਵਧਣ ਦਾ ਭਾਰ ਮੁਸਾਫਰਾਂ ਦੀ ਜੇਬ 'ਤੇ ਪੈ ਸਕਦਾ ਹੈ। ਹਵਾਬਾਜ਼ੀ ਇੰਡਸਟਰੀ ਪਹਿਲਾਂ ਹੀ ਮੁਸ਼ਕਲ 'ਚੋਂ ਲੰਘ ਰਹੀ ਹੈ। ਉਨ੍ਹਾਂ ਕੋਲ ਇਸ ਦੇ ਇਲਾਵਾ ਕੋਈ ਬਦਲ ਨਹੀਂ ਹੈ। ਹੁਣ ਕੋਈ ਵੀ ਕੰਪਨੀ ਕਿੰਗਫਿਸ਼ਰ ਜਾਂ ਜੈੱਟ ਦੀ ਤਰ੍ਹਾਂ ਖਤਮ ਨਹੀਂ ਹੋਣਾ ਚਾਹੁੰਦੀ। ਭਾਰਤ 'ਚ ਸੰਚਾਲਨ ਲਾਗਤ ਤੇ ਹਵਾਈ ਕਿਰਾਏ 'ਚ ਵੱਡਾ ਫਰਕ ਹੋਣ ਕਾਰਨ ਹਵਾਬਾਜ਼ੀ ਇੰਡਸਟਰੀ ਦੀ ਹਾਲਤ ਪਤਲੀ ਹੋਈ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਭਾਰਤ 'ਚ ਘਰੇਲੂ ਫਲਾਈਟਸ ਲਈ ਏ. ਟੀ. ਐੱਫ. ਦੀ ਕੀਮਤ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ।


Related News