ਚੰਡੀਗੜ੍ਹ ਪੁਲਸ ਦੇ ਮੁਲਾਜ਼ਮ ਹੁਣ DGP ਨਾਲ ਕਰਨਗੇ ਬ੍ਰੇਕਫਾਸਟ, ਸਾਹਮਣੇ ਰੱਖਣਗੇ ਸਮੱਸਿਆਵਾਂ

Monday, Sep 09, 2024 - 12:14 PM (IST)

ਚੰਡੀਗੜ੍ਹ ਪੁਲਸ ਦੇ ਮੁਲਾਜ਼ਮ ਹੁਣ DGP ਨਾਲ ਕਰਨਗੇ ਬ੍ਰੇਕਫਾਸਟ, ਸਾਹਮਣੇ ਰੱਖਣਗੇ ਸਮੱਸਿਆਵਾਂ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਮੁਲਾਜ਼ਮ ਹੁਣ ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਨਾਲ ਬ੍ਰੇਕਫਾਸਟ ਕਰਨਗੇ। ਬ੍ਰੇਕਫਾਸਟ ਮੌਕੇ ਪੁਲਸ ਮੁਲਾਜ਼ਮ ਸਮੱਸਿਆਵਾਂ ਤੋਂ ਲੈ ਕੇ ਹਰ ਗੱਲ ਖੁੱਲ੍ਹ ਕੇ ਡੀ. ਜੀ. ਪੀ. ਨਾਲ ਕਰ ਸਕਣਗੇ। ਡੀ. ਜੀ. ਪੀ ਕੋਲ ਬ੍ਰੇਕਫਾਸਟ ਦੀ ਯੋਜਨਾ ਸ਼ੁਰੂ ਕਰਨਾ ਬਹੁਤ ਚੰਗੀ ਪਹਿਲ ਹੈ। ਹਰ ਥਾਣੇ ਤੇ ਯੂਨਿਟ ਦੇ ਚਾਰ-ਚਾਰ ਪੁਲਸ ਮੁਲਾਜ਼ਮ ਬ੍ਰੇਕਫਾਸਟ ਲਈ ਜਾਣਗੇ। ਜਿਸ ’ਚ ਕਾਂਸਟੇਬਲ, ਹੈੱਡ ਕਾਂਸਟੇਬਲ, ਏ. ਐੱਸ. ਆਈ. ਅਤੇ ਸਬ ਇੰਸਪੈਕਟਰ ਸ਼ਾਮਲ ਹੋਣਗੇ। ਬ੍ਰੇਕਫਾਸਟ ਪੁਲਸ ਮੁਲਾਜ਼ਮਾਂ ਦੀ ਪਸੰਦ ਦਾ ਬਣਾਇਆ ਜਾਵੇਗਾ। ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਨੇ ਛੋਟੇ ਮੁਲਾਜ਼ਮਾਂ ਲਈ ਬ੍ਰੇਕਫਾਸਟ ਦੀ ਯੋਜਨਾ ਬਣਾਈ ਹੈ। ਬ੍ਰੇਕਫਾਸਟ ਲਈ ਪੁਲਸ ਮੁਲਾਜ਼ਮਾਂ ਦੇ ਨਾਂ ਓ. ਐੱਸ. ਆਈ. ਬ੍ਰਾਂਚ ਤੋਂ ਚੁਣੇ ਜਾਣਗੇ। ਇਸ ਤੋਂ ਬਾਅਦ ਸਬੰਧਿਤ ਯੂਨਿਟ ਦੇ ਇੰਚਾਰਜ ਤੇ ਪੁਲਸ ਮੁਲਾਜ਼ਮਾਂ ਨੂੰ ਬ੍ਰੇਕਫਾਸਟ ਲਈ ਸਮੇਂ ਸਿਰ ਪੁੱਜਣਾ ਹੋਵੇਗਾ। ਹਰ ਸ਼ਨੀਵਾਰ ਨੂੰ ਬ੍ਰੇਕਫਾਸਟ ਕੀਤਾ ਜਾਵੇਗਾ।
ਪੁਲਸ ਸਟੇਸ਼ਨ ’ਚ ਥਾਣਾ ਮੁਖੀ ਕਰਦੇ ਹਨ ਮੁਲਾਜ਼ਮਾਂ ਨਾਲ ਲੰਚ
ਸ਼ਹਿਰ ਦੇ ਪੁਲਸ ਥਾਣੇ ’ਚ ਥਾਣਾ ਮੁਖੀ ਹਰ ਹਫ਼ਤੇ ਪੁਲਸ ਮੁਲਾਜ਼ਮਾਂ ਨਾਲ ਲੰਚ ਕਰਦੇ ਹਨ। ਲੰਚ ’ਚ ਪੁਲਸ ਮੁਲਾਜ਼ਮ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਥਾਣਾ ਮੁਖੀ ਨੂੰ ਦੱਸਦੇ ਹਨ। ਹਫ਼ਤੇ ’ਚ ਇੱਕ ਵਾਰ ਲੰਚ ਕਰਨ ਦੇ ਹੁਕਮ ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਪਿਛਲੇ ਸਾਲ ਜਾਰੀ ਕੀਤੇ ਸੀ, ਤਾਂ ਜੋ ਪੁਲਸ ਮੁਲਾਜ਼ਮਾਂ ਦੀ ਡਿਊਟੀ 'ਤੇ ਕੰਮ ਦਾ ਬੋਝ ਘਟਾਇਆ ਜਾ ਸਕੇ। ਪਿਛਲੇ ਸਾਲ ਸੈਕਟਰ-26 ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਮਹਿੰਦਰ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਜਾਂਚ 'ਚ ਪਤਾ ਲੱਗਾ ਕਿ ਮਹਿੰਦਰ ਕੰਮ ਨੂੰ ਲੈ ਕੇ ਪਰੇਸ਼ਾਨ ਸੀ। ਇਸ ਤੋਂ ਬਾਅਦ ਐੱਸ. ਐੱਸ. ਪੀ ਕੰਵਰਦੀਪ ਕੌਰ ਨੇ ਹਰ ਥਾਣਾ ਮੁਖੀ ਨੂੰ ਪੁਲਸ ਮੁਲਾਜ਼ਮਾਂ ਨਾਲ ਲੰਚ ਕਰਨ ਦੇ ਹੁਕਮ ਜਾਰੀ ਕੀਤੇ ਸਨ।
 


author

Babita

Content Editor

Related News