ਫ਼ਰਜ਼ੀ ਅੰਬੈਸਡਰ ਤੋਂ ਬਾਅਦ ਹੁਣ ਨਕਲੀ ਭੈਣ ਖੜ੍ਹੀ ਕਰ ਕੇ ਕਰਵਾਈ 108 ਗਜ਼ ਜ਼ਮੀਨ ਦੀ ਮਲਕੀਅਤ ਤਬਦੀਲ

Monday, Sep 09, 2024 - 04:27 AM (IST)

ਫ਼ਰਜ਼ੀ ਅੰਬੈਸਡਰ ਤੋਂ ਬਾਅਦ ਹੁਣ ਨਕਲੀ ਭੈਣ ਖੜ੍ਹੀ ਕਰ ਕੇ ਕਰਵਾਈ 108 ਗਜ਼ ਜ਼ਮੀਨ ਦੀ ਮਲਕੀਅਤ ਤਬਦੀਲ

ਅੰਮ੍ਰਿਤਸਰ (ਨੀਰਜ) : ਅੰਮ੍ਰਿਤਸਰ ਸ਼ਹਿਰੀ ਤਹਿਸੀਲ ਤੇ ਸਬ-ਰਜਿਸਟਰਾਰ ਦਫ਼ਤਰਾਂ ’ਚ ਜਾਅਲੀ ਦਸਤਾਵੇਜ਼ਾਂ ਤੇ ਜਾਅਲੀ ਰਜਿਸਟਰੀਆਂ ਕਰਵਾਉਣ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਅੰਬੈਸਡਰ ਰਚਿਤਾ ਭੰਡਾਰੀ ਦੀ 588 ਗਜ਼ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾ ਕੇ ਜਾਅਲੀ ਰਚਿਤਾ ਭੰਡਾਰੀ ਬਣ ਕੇ ਰਜਿਸਟਰੀ ਕਰਵਾਉਣ ਵਾਲੇ ਵਿਅਕਤੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਜਦਕਿ ਹੁਣ ਸਬ-ਰਜਿਸਟਰਾਰ ਦਫ਼ਤਰ 2 ’ਚ ਇਕ ਭਰਾ ਵੱਲੋਂ ਫ਼ਰਜ਼ੀ ਭੈਣ ਬਣਾ ਕੇ 108 ਗਜ਼ ਜ਼ਮੀਨ ਦੀ ਮਲਕੀਅਤ ਤਬਦੀਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਜਸਦੇਵ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਭੈਣ ਗੁਰਪ੍ਰੀਤ ਕੌਰ ਦੀ ਬਜਾਏ ਜਾਅਲੀ ਗੁਰਪ੍ਰੀਤ ਕੌਰ ਖੜ੍ਹੀ ਕਰ ਕੇ ਜ਼ਮੀਨ ਦੀ ਤਬਦੀਲ ਮਲਕੀਅਤ ਆਪਣੇ ਨਾਂ ਕਰਵਾ ਲਈ ਅਤੇ ਗੁਰਪ੍ਰੀਤ ਕੌਰ ਦਾ ਆਧਾਰ ਕਾਰਡ ਵੀ ਜਾਅਲੀ ਲਾਇਆ ਪਰ ਜਦ ਸਬ-ਰਜਿਸਟਰਾਰ ਨੂੰ ਸ਼ੱਕ ਪੈਣ ’ਤੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਤਾਂ ਕੋਈ ਵੀ ਦਫ਼ਤਰ ’ਚ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਸਬ-ਰਜਿਸਟਰਾਰ ਨੇ ਵਸੀਕਾ ਲਿਖਣ ਵਾਲੇ ਵਕੀਲ, ਲਾਭਪਾਤਰੀ ਜਸਦੇਵ ਸਿੰਘ ਤੇ ਹੋਰਾਂ ਵਿਰੁੱਧ ਮਾਮਲਾ ਦਰਜ ਕਰਨ ਲਈ ਐੱਸ. ਐੱਚ. ਓ. ਸਿਵਲ ਲਾਈਨਜ਼, ਪੁਲਸ ਕਮਿਸ਼ਨਰ ਅੰਮ੍ਰਿਤਸਰ, ਡੀ. ਸੀ. ਅੰਮ੍ਰਿਤਸਰ, ਐੱਸ. ਡੀ. ਐੱਮ. ਅੰਮ੍ਰਿਤਸਰ-2 ਨੂੰ ਸਿਫਾਰਿਸ਼ ਕੀਤੀ ਹੈ।

PunjabKesari

ਇਕ ਪਾਸੇ ਜਿੱਥੇ ਬੈਂਕ ਡਕੈਤੀਆਂ ਤੋਂ ਲੈ ਕੇ ਗੰਨ ਹਾਊਸ, ਮਨੀ ਐਕਸਚੇਂਜਰ ਤੇ ਜਿਊਲਰੀ ਹਾਊਸ ’ਚ ਚੋਰੀਆਂ ਤੱਕ ਦੇ ਸਨਸਨੀਖੇਜ਼ ਮਾਮਲੇ ਪੁਲਸ ਨੇ ਬੜੀ ਚਾਲਾਕੀ ਨਾਲ ਟਰੇਸ ਕਰ ਲਏ ਹਨ, ਉੱਥੇ ਹੀ ਦੂਜੇ ਪਾਸੇ ਰਚਿਤਾ ਭੰਡਾਰੀ ਦੀ ਜ਼ਮੀਨ ਦੀ ਫਰਜ਼ੀ ਰਜਿਸਟਰੀ ਦਾ ਮਾਮਲਾ ਸਾਹਮਣੇ ਆਏ ਨੂੰ 154 ਦਿਨ ਬੀਤ ਜਾਣ ’ਤੇ ਵੀ ਪੁਲਸ ਦੇ ਹੱਥ ਖਾਲੀ ਨਜ਼ਰ ਆ ਰਹੇ ਹਨ, ਜੋ ਪੁਲਸ ਦੀ ਕਾਰਵਾਈ ’ਤੇ ਵੱਡਾ ਸਵਾਲ ਖੜ੍ਹੇ ਕਰ ਰਿਹਾ ਹੈ।

ਸਥਿਤੀ ਇਹ ਹੈ ਕਿ ਇਸ ਵੇਲੇ ਪੁਲਸ ਕਮਿਸ਼ਨਰ ਵੀ ਨਵਾਂ ਆਇਆ ਹੈ ਅਤੇ ਏ.ਡੀ.ਸੀ.ਪੀ. ਤੋਂ ਲੈ ਕੇ ਐੱਸ. ਪੀ. ਤੱਕ, ਐੱਸ. ਐੱਚ. ਓ. ਤੇ ਚੌਕੀ ਇੰਚਾਰਜ ਕੋਰਟ ਕੰਪਲੈਕਸ ਵੀ ਨਵੇਂ ਤਾਇਨਾਤ ਕੀਤੇ ਗਏ ਹਨ ਪਰ ਫਿਰ ਵੀ ਇਸ ਮਾਮਲੇ ’ਚ ਪੁਲਸ ਦੀ ਕਾਰਵਾਈ ਠੰਡੇ ਬਸਤੇ ’ਚ ਨਜ਼ਰ ਆ ਰਹੀ ਹੈ।

ਕਿਵੇਂ ਬਣਦੇ ਹਨ ਨਕਲੀ ਆਧਾਰ ਕਾਰਡ?
ਅੰਮ੍ਰਿਤਸਰ : ਰਜਿਸਟਰੀ ਦਫ਼ਤਰਾਂ ’ਚ ਆਏ ਦਿਨ ਦੇਖਿਆ ਜਾਂਦਾ ਹੈ ਕਿ ਧੋਖਾਧੜੀ ਕਰਨ ਵਾਲੇ ਲੋਕ ਜਾਅਲੀ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਤਿਆਰ ਕਰ ਲੈਂਦੇ ਹਨ। ਇਹ ਕੌਣ ਤਿਆਰ ਕਰਦਾ ਹੈ ਤੇ ਇਹ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਲੋਕ ਕਿਉਂ ਨਹੀਂ ਫੜੇ ਜਾ ਰਹੇ ਹਨ, ਇਹ ਇਕ ਵੱਡਾ ਸਵਾਲ ਹੈ।

ਕੀ ਸੀ ਅੰਬੈਸਡਰ ਰਚਿਤਾ ਭੰਡਾਰੀ ਦੀ ਫ਼ਰਜ਼ੀ ਰਜਿਸਟਰੀ ਦਾ ਮਾਮਲਾ?
ਬੀਤੀ 25 ਜਨਵਰੀ ਨੂੰ ਤਤਕਾਲੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਅਨੁਸਾਰ ਡੀ. ਸੀ. ਘਨਸ਼ਿਆਮ ਥੋਰੀ ਦੀ ਸਿਫ਼ਾਰਸ਼ ’ਤੇ ਭਾਰਤ ਦੇ ਅੰਬੈਸਡਰ ਦੇ ਪਿੰਡ ਹੇਰ (ਅਜਨਾਲਾ ਰੋਡ) ਵਿਖੇ ਸਥਿਤ 588 ਗਜ਼ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ ’ਚ ਡੀ. ਸੀ. ਜਰਮਨੀ ਰਚਿਤਾ ਭੰਡਾਰੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਮਾਮਲਾ ਦਰਜ ਹੋਣ ਦੇ 226 ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਪੁਲਸ ਨੇ ਫਰਜ਼ੀ ਰਚਿਤਾ ਭੰਡਾਰੀ ਨੂੰ ਫੜਿਆ ਹੈ ਤੇ ਨਾ ਹੀ ਜ਼ਮੀਨ ਖਰੀਦਣ ਵਾਲੇ ਸ਼ੇਰ ਸਿੰਘ ਨੂੰ ਫੜਿਆ ਹੈ।

ਪੁਲਸ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਸਖ਼ਤ ਹੁਕਮਾਂ ਤੋਂ ਬਾਅਦ ਇਸ ਮਾਮਲੇ ’ਚ ਗਵਾਹੀ ਦੇਣ ਵਾਲੀ ਮਹਿਲਾ ਨੰਬਰਦਾਰ ਰੁਪਿੰਦਰ ਕੌਰ, ਨੰਬਰਦਾਰ ਜੇਮਸ ਹੰਸ ਤੇ ਪ੍ਰਾਈਵੇਟ ਕਰਿੰਦਾ ਨਰਾਇਣ ਸਿੰਘ ਉਰਫ਼ ਸ਼ੇਰਾ ਨੂੰ ਪੁਲਸ ਨੇ ਫੜ ਕੇ ਜੇਲ੍ਹ ਵੀ ਭੇਜ ਦਿੱਤਾ ਹੈ ਪਰ ਅਸਲ ਦੋਸ਼ੀ ਇਸ ਫਰਜ਼ੀ ਰਜਿਸਟਰੀ ਦੀ, ਜਿਸ ’ਚ ਪੁਲਸ ਫਰਜ਼ੀ ਰਚਿਤਾ ਭੰਡਾਰੀ ਤੇ ਜ਼ਮੀਨ ਖਰੀਦਣ ਵਾਲੇ ਸ਼ੇਰ ਸਿੰਘ ਤੇ ਹੋਰਾਂ ਨੂੰ ਫੜਨ ’ਚ ਕਾਮਯਾਬ ਨਹੀਂ ਹੋ ਸਕੀ ਹੈ।

ਜਾਅਲੀ ਰਜਿਸਟਰੀਆਂ ਤਿਆਰ ਕਰਨ ਵਾਲੇ ਗਿਰੋਹ ਬਾਰੇ ਹੋ ਸਕਦੇ ਨੇ ਖੁਲਾਸੇ
ਅੰਮ੍ਰਿਤਸਰ : ਮੰਨਿਆ ਜਾ ਰਿਹਾ ਹੈ ਕਿ ਫਰਜ਼ੀ ਰਚਿਤਾ ਭੰਡਾਰੀ, ਖਰੀਦਦਾਰ ਸ਼ੇਰ ਸਿੰਘ ਤੇ ਹੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਹਿਰ ਦੀ ਪੁਲਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਹਾਈਪ੍ਰੋਫਾਈਲ ਗਿਰੋਹ ਬਾਰੇ ਪਤਾ ਲੱਗ ਸਕਦਾ ਹੈ, ਜੋ ਕਿ ਤਹਿਸੀਲਾਂ, ਸਬ-ਤਹਿਸੀਲਾਂ ਤੇ ਰਜਿਸਟਰੀ ਦਫਤਰਾਂ ’ਚ ਆਪਣਾ ਕਾਰੋਬਾਰ ਕਰ ਰਿਹਾ ਹੈ। ਉਹ ਲੰਬੇ ਸਮੇਂ ਤੋਂ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਦਾ ਕੰਮ ਕਰਦਾ ਹੈ। ਆਨਲਾਈਨ ਸਿਸਟਮ ਹੋਣ ਦੇ ਬਾਵਜੂਦ ਅੱਜ ਦੇ ਦੌਰ ’ਚ ਕਿਸ ਤਰ੍ਹਾਂ ਜਾਅਲੀ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ, ਇਸ ਦਾ ਖੁਲਾਸਾ ਹੋ ਸਕਦਾ ਹੈ।

ਜਾਂਚ ਅਧਿਕਾਰੀ ਵੀ ਬਦਲ ਗਏ ਪਰ ਮਾਮਲਾ ਉਹੀ ਰਿਹਾ
ਅੰਮ੍ਰਿਤਸਰ : ਅੰਬੈਸਡਰ ਦੀ ਜਾਅਲੀ ਰਜਿਸਟਰੀ ਦੇ ਮਾਮਲੇ ਦੀ ਸ਼ੁਰੂਆਤੀ ਦੌਰ ’ਚ ਪੁਲਸ ਚੌਕੀ ਕੋਰਟ ਕੰਪਲੈਕਸ ਦੇ ਸਾਬਕਾ ਇੰਚਾਰਜ ਗੁਰਜੀਤ ਸਿੰਘ ਨਾਲ ਡੀਲ ਚੱਲ ਰਹੀ ਸੀ ਪਰ ਵਿਜੀਲੈਂਸ ਵਿਭਾਗ ਦੀ ਟੀਮ ਨੇ ਉਸ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ, ਜਿਸ ਤੋਂ ਬਾਅਦ ਜਾਂਚ ਐੱਸ. ਐੱਚ. ਓ. ਸਿਵਲ ਲਾਈਨ ਨੇ ਖੁਦ ਆਪਣੇ ਰੀਡਰ ਗੁਰਜੀਤ ਸਿੰਘ ਨੂੰ ਸੌਂਪ ਦਿੱਤੀ ਸੀ ਪਰ ਮਾਮਲਾ ਅਜੇ ਵੀ ਉਸੇ ਤਰ੍ਹਾਂ ਦਾ ਹੈ। ਹੁਣ ਤਾਂ ਸਿਵਲ ਲਾਈਨ ਦਾ ਐੱਸ. ਐੱਚ. ਓ. ਵੀ ਨਵਾਂ ਆ ਗਿਆ ਹੈ। ਏ. ਡੀ. ਸੀ. ਪੀ. ਵੀ ਨਵੇਂ ਹਨ ਤੇ ਪੁਲਸ ਕਮਿਸ਼ਨਰ ਵੀ ਆ ਚੁੱਕੇ ਹਨ ਪਰ ਮਾਮਲਾ ਠੰਡੇ ਬਸਤੇ ’ਚ ਪਿਆ ਹੈ।

ਬਿਨਾਂ ਲਾਇਸੈਂਸ ਵਸੀਕਾ ਨਵੀਸ ਤੇ ਤਹਿਸੀਲਾਂ ’ਚ ਬਿਨਾਂ ਕਾਰਨ ਘੁੰਮਣ ਵਾਲਿਆਂ ਲਈ ਦਾਖ਼ਲੇ ’ਤੇ ਪਾਬੰਦੀ
ਅੰਮ੍ਰਿਤਸਰ : ਜ਼ਮੀਨਾਂ ਦੀਆਂ ਜਾਅਲੀ ਰਜਿਸਟਰੀਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਡੀ. ਸੀ. ਘਨਸ਼ਿਆਮ ਥੋਰੀ ਖੁਦ ਸਖ਼ਤ ਕਾਰਵਾਈ ਕਰ ਰਹੇ ਹਨ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਮੇਤ ਰਜਿਸਟਰੀ ਦਫ਼ਤਰਾਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਇਸ ਤੋਂ ਇਲਾਵਾ ਬਿਨਾਂ ਲਾਇਸੈਂਸ ਵਸੀਕਾ ਨਵੀਸਾਂ ਤੇ ਰਜਿਸਟਰੀ ਦਫ਼ਤਰਾਂ ਅਤੇ ਤਹਿਸੀਲਾਂ ’ਚ ਬਿਨਾਂ ਕਿਸੇ ਕਾਰਨ ਦੇ ਘੁੰਮਣ ਵਾਲੇ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਬੰਧਨ ਦਫ਼ਤਰ ਤੋਂ ਲੈ ਕੇ ਹੋਰ ਸਰਕਾਰੀ ਵਿਭਾਗਾਂ ’ਚ 75 ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ ਤੇ ਹਰ ਵਿਅਕਤੀ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News