ਜੈੱਟ ਏਅਰਵੇਜ਼ ਏਜੰਟਾਂ ਨੂੰ ਨਹੀਂ ਦੇਵੇਗੀ ਕਮੀਸ਼ਨ

Thursday, Dec 07, 2017 - 12:52 AM (IST)

ਮੁੰਬਈ-ਪ੍ਰਮੁੱਖ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੇ ਆਪਣੀ ਲਾਗਤ ਬਚਾਉਣ ਦੇ ਉਦੇਸ਼ ਨਾਲ ਟ੍ਰੈਵਲ ਏਜੰਟਾਂ ਨੂੰ ਦਿੱਤਾ ਜਾਣ ਵਾਲਾ 1 ਫੀਸਦੀ ਦਾ ਬੁਨਿਆਦੀ ਕਮੀਸ਼ਨ 1 ਜਨਵਰੀ ਨੂੰ ਨਾ ਦੇਣ ਦਾ ਫੈਸਲਾ ਲਿਆ ਹੈ। ਕੌਮਾਂਤਰੀ ਹਵਾਬਾਜ਼ੀ ਕੰਪਨੀਆਂ ਵੀ ਕਮੀਸ਼ਨ ਦੇ ਮਾਮਲੇ 'ਚ ਅਜਿਹਾ ਹੀ ਰੁਖ਼ ਅਪਣਾ ਰਹੀਆਂ ਹਨ। ਹਵਾਬਾਜ਼ੀ ਕੰਪਨੀ ਨੇ ਕਿਹਾ ਹੈ ਕਿ ਏਜੰਟਾਂ ਕੋਲ ਬੁਨਿਆਦੀ ਕਿਰਾਏ ਦਾ 3.5 ਫੀਸਦੀ ਤੱਕ ਲੈਣ-ਦੇਣ ਸ਼ੁਲਕ ਵਸੂਲਣ ਅਤੇ ਟਿਕਟਾਂ 'ਤੇ ਈਂਧਣ ਸਰਚਾਰਜ ਲਾਉਣ ਦਾ ਬਦਲ ਹੋਵੇਗਾ। ਜੈੱਟ ਏਅਰਵੇਜ਼ ਏਜੰਟਾਂ ਨੂੰ ਸੇਲ ਲਿੰਕਡ ਉਤਪਾਦਕਤਾ ਬੋਨਸ ਦਾ ਭੁਗਤਾਨ ਜਾਰੀ ਰੱਖੇਗੀ।
ਲਾਗਤ ਬਚਾਉਣ ਦਾ ਉਪਾਅ
ਫਿਲਹਾਲ ਏਜੰਟ ਆਪਣਾ ਕਮੀਸ਼ਨ ਕੱਟ ਕੇ ਟਿਕਟ ਦੀ ਬਾਕੀ ਰਕਮ ਨੂੰ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਬਿਲਿੰਗ ਸਿਸਟਮ ਪਲਾਨ (ਬੀ. ਐੱਸ. ਪੀ.) ਦੇ ਜ਼ਰੀਏ ਹਵਾਬਾਜ਼ੀ ਕੰਪਨੀ ਦੇ ਖਾਤੇ ਵਿਚ ਜਮ੍ਹਾ ਕਰਵਾਉਂਦੇ ਹਨ, ਇਸ ਲਈ ਹਵਾਬਾਜ਼ੀ ਕੰਪਨੀ ਲਈ ਇਹ ਇਕ ਲਾਗਤ ਬਚਾਉਣ ਦਾ ਉਪਾਅ ਹੈ। ਦੂਜੇ ਪਾਸੇ ਲੈਣ-ਦੇਣ ਸ਼ੁਲਕ ਯਾਤਰੀ ਤੋਂ ਵਸੂਲਿਆ ਜਾਂਦਾ ਹੈ ਜੋ ਟਿਕਟ ਦੀ ਲਾਗਤ 'ਚ ਸ਼ਾਮਲ ਹੁੰਦਾ ਹੈ ਪਰ ਬਾਅਦ 'ਚ ਏਜੰਟ ਨੂੰ ਉਸ ਦੀ ਆਦਾਇਗੀ ਕਰ ਦਿੱਤੀ ਜਾਂਦੀ ਹੈ। ਫਿਲਹਾਲ ਇੰਡੀਗੋ, ਗੋਏਅਰ ਅਤੇ ਸਪਾਈਸਜੈੱਟ ਵਰਗੀਆਂ ਸਸਤੀਆਂ ਹਵਾਬਾਜ਼ੀ ਕੰਪਨੀਆਂ ਏਜੰਟਾਂ ਨੂੰ ਲੈਣ-ਦੇਣ ਸ਼ੁਲਕ ਵਸੂਲਣ ਦੀ ਇਜਾਜ਼ਤ ਦਿੰਦੀਆਂ ਹਨ।
ਨਕਦੀ ਪ੍ਰਵਾਹ ਵਧਾਉਣ 'ਚ ਮਿਲੇਗੀ ਮਦਦ
ਟ੍ਰੈਵਲ ਏਜੰਟਾਂ ਨੂੰ ਬੁਨਿਆਦੀ ਕਮੀਸ਼ਨ ਨਾ ਦੇਣ ਨਾਲ ਹਵਾਬਾਜ਼ੀ ਕੰਪਨੀ ਨੂੰ ਆਪਣੇ ਵਿਕਰੀ ਤੇ ਵੰਡ ਖਰਚ ਘਟਉਣ 'ਚ ਮਦਦ ਮਿਲੇਗੀ ਜੋ ਵਿੱਤ ਸਾਲ 2017 'ਚ 2533 ਕਰੋੜ ਰੁਪਏ ਹੋ ਚੁੱਕਾ ਹੈ। ਨਾਲ ਹੀ ਇਸ ਨਾਲ ਹਵਾਬਾਜ਼ੀ ਕੰਪਨੀ ਨੂੰ ਨਕਦੀ ਪ੍ਰਵਾਹ ਵਧਾਉਣ 'ਚ ਵੀ ਮਦਦ ਮਿਲੇਗੀ। ਹੋਰ ਉਪਾਵਾਂ ਦੇ ਨਾਲ-ਨਾਲ ਹਵਾਬਾਜ਼ੀ ਕੰਪਨੀ ਨੇ ਆਪਣੇ ਗੈਰ-ਈਂਧਣ ਲਾਗਤ ਨਾਲ 12 ਤੋਂ 15 ਫੀਸਦੀ ਦੀ ਕਟੌਤੀ ਕਰਨ ਦਾ ਟੀਚਾ ਰੱਖਿਆ ਹੈ। ਏਜੰਟਾਂ ਨੂੰ ਰੁਟੀਨ ਟਿਕਟ ਵਿਕਰੀ 'ਤੇ ਬੁਨਿਆਦੀ ਕਮੀਸ਼ਨ ਅਤੇ ਵਿਕਰੀ ਟੀਚੇ 'ਤੇ ਉਤਪਾਦਕਤਾ ਆਧਾਰਿਤ ਬੋਨਸ ਦਾ ਭੁਗਤਾਨ ਕੀਤਾ ਜਾਂਦਾ ਹੈ।


Related News