Jet Airways ''ਚ ਪਾਇਲਟਾਂ ਤੇ ਪ੍ਰਬੰਧਨ ''ਚ ਵਿਵਾਦ, ਹਿੱਸੇਦਾਰੀ ਵੇਚਣ ਤੋਂ ਇਨਕਾਰ

Saturday, Aug 04, 2018 - 11:01 AM (IST)

Jet Airways ''ਚ ਪਾਇਲਟਾਂ ਤੇ ਪ੍ਰਬੰਧਨ ''ਚ ਵਿਵਾਦ, ਹਿੱਸੇਦਾਰੀ ਵੇਚਣ ਤੋਂ ਇਨਕਾਰ

ਨਵੀਂ ਦਿੱਲੀ— ਹਵਾਈ ਜਹਾਜ਼ ਕੰਪਨੀ ਜੈੱਟ ਏਅਰਵੇਜ਼ 'ਚ ਪਾਇਲਟਾਂ ਅਤੇ ਪ੍ਰਬੰਧਨ ਵਿਚਕਾਰ ਤਨਖਾਹਾਂ 'ਚ ਕਟੌਤੀ ਦੀ ਸੰਭਾਵਨਾ ਨੂੰ ਲੈ ਵਿਵਾਦ ਜਾਰੀ ਹੈ। ਬੀਤੇ ਦਿਨ ਖਬਰ ਸੀ ਕਿ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਇਹ ਸੂਚਨਾ ਦਿੱਤੀ ਹੈ ਕਿ ਉਸ ਕੋਲ 60 ਦਿਨਾਂ ਬਾਅਦ ਏਅਰਲਾਈਨ ਨੂੰ ਚਲਾਉਣ ਲਈ ਪੈਸੇ ਨਹੀਂ ਹਨ। ਇਸ ਲਈ ਉਸ ਨੇ ਹਿੱਸੇਦਾਰੀ ਵੇਚਣ ਅਤੇ ਵੱਖ-ਵੱਖ ਕਰਮਚਾਰੀਆਂ ਦੀ ਤਨਖਾਹ 'ਚ 25 ਫੀਸਦੀ ਤਕ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਜੈੱਟ ਏਅਰਵੇਜ਼ ਨੇ 60 ਦਿਨ ਤੋਂ ਅੱਗੇ ਏਅਰਲਾਈਨ ਦਾ ਕੰਮਕਾਜ ਜਾਰੀ ਨਹੀਂ ਰੱਖ ਸਕਣ ਸੰਬੰਧੀ ਖਬਰਾਂ ਨੂੰ ਗਲਤ ਅਤੇ ਮੰਦਭਾਗੀ ਦੱਸਿਆ ਅਤੇ ਹਿੱਸੇਦਾਰੀ ਵੇਚਣ ਦੀਆਂ ਖਬਰਾਂ ਨੂੰ ਵੀ ਖਾਰਜ ਕੀਤਾ।

ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਉਹ ਲਾਗਤ ਨੂੰ ਘੱਟ ਕਰਨ ਲਈ ਜ਼ਰੂਰੀ ਕਦਮ ਉਠਾ ਰਹੀ ਹੈ। ਉਧਰ ਕੰਪਨੀ ਦੇ ਸੂਤਰਾਂ ਨੇ ਕਿਹਾ ਕਿ ਇਸ ਹਫਤੇ ਦੀ ਸ਼ੁਰੂਆਤ 'ਚ ਕੰਪਨੀ ਦੇ ਉੱਚ ਪ੍ਰਬੰਧਨ ਨਾਲ ਪਾਇਲਟ ਸਮੇਤ ਹੋਰ ਕਰਮਚਾਰੀਆਂ ਦੀ ਬੈਠਕ ਹੋਈ ਸੀ। ਇਸ 'ਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੈੱਟ ਏਅਰਵੇਜ਼ ਦੀ ਵਿੱਤੀ ਹਾਲਤ ਖਰਾਬ ਹੈ ਅਤੇ ਲਾਗਤ ਨੂੰ ਘੱਟ ਕਰਨ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕਦਮਾਂ 'ਚ ਤਨਖਾਹ ਕਟੌਤੀ ਵੀ ਸ਼ਾਮਲ ਹੈ। ਇਸ ਬੈਠਕ 'ਚ ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ, ਸੀ. ਈ. ਓ. ਵਿਨੇ ਦੁਬੇ ਅਤੇ ਡਿਪਟੀ ਸੀ. ਈ. ਓ. ਅਮਿਤ ਅਗਰਵਾਲ ਸਮੇਤ ਹੋਰ ਲੋਕ ਮੌਜੂਦ ਰਹੇ। ਹਾਲਾਂਕਿ ਕੰਪਨੀ ਨੇ ਹਿੱਸੇਦਾਰੀ ਵੇਚਣ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਸ਼ੁਰੂ ਕਰਨ ਤੋਂ ਇਨਕਾਰ ਕੀਤਾ ਹੈ।


Related News