ਸਵਿੱਗੀ ਤੇ ਫਲਿੱਪਕਾਰਟ ਦੀ ਇੰਸਟਾਕਾਰਟ 'ਤੇ ਇਨਕਮ ਟੈਕਸ ਦਾ ਛਾਪਾ

01/07/2021 10:16:12 PM

ਨਵੀਂ ਦਿੱਲੀ- ਇਨਕਮ ਟੈਕਸ (ਆਈ. ਟੀ.) ਵਿਭਾਗ ਨੇ ਵੀਰਵਾਰ ਨੂੰ ਈ-ਕਾਮਰਸ ਕੰਪਨੀ ਫਲਿੱਪਕਾਰਟ ਦੀ ਇੰਸਟਾਕਾਰਟ ਅਤੇ ਫੂਡ ਡਿਲਿਵਰੀ ਕੰਪਨੀ ਸਵਿੱਗੀ ਦੇ ਬੇਂਗਲੁਰੂ ਸਥਿਤ ਮੁੱਖ ਦਫ਼ਤਰਾਂ 'ਤੇ ਛਾਪਾ ਮਾਰਿਆ ਹੈ। ਇਹ ਮਾਮਲਾ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਇਸ ਕਾਰਵਾਈ ਨੂੰ ਲੈ ਕੇ ਫਲਿੱਪਕਾਰਟ ਦੇ ਬੁਲਾਰੇ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਸਾਡੇ ਨਾਲ ਸੰਪਰਕ ਕੀਤਾ ਹੈ, ਜੋ ਜਾਣਕਾਰੀ ਮੰਗੀ ਜਾ ਰਹੀ ਹੈ ਉਹ ਦਿੱਤੀ ਜਾ ਰਹੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਡਾਇਰੈਕਟੋਰੇਟ ਜਨਰਲ ਆਫ਼. ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਸੀ. ਆਈ.) ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਇਹ ਛਾਪਾ ਮਾਰਿਆ ਗਿਆ। ਡੀ. ਜੀ. ਸੀ. ਆਈ. ਨੇ ਪੂਰੇ ਦੇਸ਼ ਵਿਚ ਜੀ. ਐੱਸ. ਟੀ. ਚੋਰੀ ਕਰਨ ਵਾਲਿਆਂ ਖ਼ਿਲਾਫ ਮੁਹਿੰਮ ਚਲਾ ਰੱਖੀ ਹੈ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਲਾਰਸਨ ਐਂਡ ਟੁਬਰੋ ਅਤੇ ਜੀ. ਗਰੁੱਪ ਖ਼ਿਲਾਫ ਵੀ ਜੀ. ਐੱਸ. ਟੀ. ਦੀ ਚੋਰੀ ਦੇ ਮਾਮਲੇ ਵਿਚ ਇਨਕਮ ਟੈਕਸ ਵਿਭਾਗ ਦੀ ਟੀਮ ਪਹੁੰਚੀ ਸੀ। ਇਹ ਸਰਚ ਜੀ. ਐੱਸ. ਟੀ. ਦੇ ਡਾਇਰੈਕਟੋਰੇਟ ਜਨਰਲ ਵੱਲੋਂ ਦਿੱਤੀ ਗਈ ਇਤਲਾਹ 'ਤੇ ਕੀਤੀ ਗਈ ਸੀ। ਪਿਛਲੇ ਕੁਝ ਸਮੇਂ ਤੋਂ ਸਰਕਾਰ ਜੀ. ਐੱਸ. ਟੀ. ਚੋਰੀ ਕਰਨ ਵਾਲਿਆਂ ਖ਼ਿਲਾਫ ਵੱਡੀ ਕਾਰਵਾਈ ਚਲਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਚਲਾਈ ਗਈ ਸਖ਼ਤ ਮੁਹਿੰਮ ਤਹਿਤ 7,000 ਉੱਦਮੀਆਂ ਖ਼ਿਲਾਫ ਕਾਰਵਾਈ ਕੀਤੀ ਗਈ, ਜਿਸ ਵਿਚ 187 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਹਫ਼ਤੇ ਵਿੱਤ ਸਕੱਤਰ ਅਜੇ ਭੂਸ਼ਣ ਪਾਂਡੇ ਨੇ ਕਿਹਾ ਸੀ ਕਿ ਸਿਸਟਮ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਦੀ ਉਨ੍ਹਾਂ ਸਾਰੇ ਲੋਕਾਂ 'ਤੇ ਨਜ਼ਰ ਹੈ ਜੋ ਜ਼ਿਆਦਾ ਇਨਪੁਟ ਟੈਕਸ ਕ੍ਰੈਡਿਟ ਦਾ ਦਾਅਵਾ ਕਰ ਰਹੇ ਹਨ।
 


Sanjeev

Content Editor

Related News