ਈਰਾਨ ਇਸ ਸਾਲ ਭਾਰਤ ਤੋਂ ਖ਼ਰੀਦ ਸਕਦਾ ਹੈ 5.4 ਕਰੋੜ ਕਿਲੋਗ੍ਰਾਮ ਚਾਹ
Thursday, Feb 18, 2021 - 03:56 PM (IST)
ਕੋਲਕਾਤਾ- ਮਹਾਮਾਰੀ ਦਾ ਪ੍ਰਕੋਪ ਘੱਟ ਹੋਣ ਵਿਚਕਾਰ ਈਰਾਨ ਦੇ ਖ਼ਰੀਦਦਾਰਾਂ ਨੇ ਭਾਰਤ ਤੋਂ ਚਾਹ ਖ਼ਰੀਦਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਬਿਹਤਰ ਕੀਮਤ 'ਤੇ ਭੁਗਤਾਨ ਕਰਨ ਲਈ ਵੀ ਤਿਆਰ ਹੈ। ਭਾਰਤ ਦੇ ਬਰਾਮਦਕਾਰਾਂ ਅਤੇ ਈਰਾਨ ਦੇ ਖ਼ਰੀਦਦਰਾਂ ਵਿਚਕਾਰ ਮਾਰਚ ਦੇ ਦੂਜੇ ਹਫ਼ਤੇ ਤੱਕ ਸਮਝੌਤਿਆਂ 'ਤੇ ਦਸਤਖ਼ਤ ਹੋਣਗੇ, ਜਦੋਂ ਨਵੇਂ ਸੀਜ਼ਨ ਦੀ ਚਾਹ ਵੀ ਬਾਜ਼ਾਰ ਵਿਚ ਆਉਣੀ ਸ਼ੁਰੂ ਹੋ ਜਾਵੇਗੀ।
ਈਰਾਨੀ ਚਾਹ ਦੇ ਸ਼ੌਕੀਨ ਹਨ ਅਤੇ ਭਾਰਤ ਤੇ ਸ੍ਰੀਲੰਕਾ ਤੋਂ ਉੱਚ ਗੁਣਵੱਤਾ ਵਾਲੀ ਚਾਹ ਬਰਾਮਦ ਕਰਦੇ ਹਨ। ਹਾਲਾਂਕਿ ਈਰਾਨ ਘਰੇਲੂ ਪੱਧਰ 'ਤੇ 2-3 ਕਰੋੜ ਕਿਲੋਗ੍ਰਾਮ ਚਾਹ ਪੈਦਾ ਕਰਦਾ ਹੈ ਪਰ ਉਸ ਦੀ ਗੁਣਵੱਤਾ ਚੰਗੀ ਨਹੀਂ ਹੈ। ਇਹੀ ਕਾਰਨ ਹੈ ਕਿ ਉਹ ਭਾਰਤ ਅਤੇ ਸ਼੍ਰੀਲੰਕਾਂ ਤੋਂ ਚਾਹ ਖ਼ਰੀਦਦਾ ਹੈ।
'ਏਸ਼ੀਅਨ ਚਾਹ ਐਂਡ ਐਕਸਪੋਰਟਸ' ਦੇ ਡਾਇਰੈਕਟਰ ਮੋਹਿਤ ਅਗਰਵਾਲ ਮੁਤਾਬਕ, “ਈਰਾਨੀ ਖ਼ਰੀਦਦਾਰ ਭਾਰਤ ਤੋਂ ਚਾਹ ਖ਼ਰੀਦਣ ਲਈ ਉਤਸੁਕ ਹਨ।'' ਉਨ੍ਹਾਂ ਕਿਹਾ ਕਿ ਸਾਨੂੰ ਚਾਹ ਦੀ ਚੰਗੀ ਕੀਮਤ ਪੇਸ਼ ਕੀਤੀ ਜਾ ਰਹੀ ਹੈ। ਬਰਾਮਦਕਾਰਾਂ ਨੂੰ ਇਸ ਸਾਲ ਈਰਾਨ ਨੂੰ ਤਕਰੀਬਨ 5.4 ਕਰੋੜ ਕਿਲੋ ਚਾਹ ਬਰਾਮਦ ਹੋਣ ਦੀ ਉਮੀਦ ਹੈ, ਜਿੰਨੀ ਲਗਭਗ 2019 ਵਿਚ ਕੀਤੀ ਗਈ ਸੀ।
ਈਰਾਨ 'ਚ ਮਹਾਮਾਰੀ ਤੇ ਅਦਾਇਗੀ ਦੀਆਂ ਮੁਸ਼ਕਲਾਂ ਕਾਰਨ 2020 ਵਿਚ ਬਰਾਮਦ ਘੱਟ ਰਹੀ ਸੀ। ਭਾਰਤੀ ਚਾਹ ਬੋਰਡ ਦੇ ਅੰਕੜਿਆਂ ਅਨੁਸਾਰ, ਭਾਰਤ ਨੇ ਜਨਵਰੀ ਤੋਂ ਨਵੰਬਰ 2020 ਵਿਚਾਲੇ 3.10 ਕਰੋੜ ਕਿਲੋਗ੍ਰਾਮ ਚਾਹ ਦੀ ਬਰਾਮਦ ਕੀਤੀ ਹੈ, ਜਦੋਂ ਕਿ ਸਾਲ 2019 ਦੀ ਇਸੇ ਮਿਆਦ ਵਿਚ 5.04 ਕਰੋੜ ਕਿਲੋਗ੍ਰਾਮ ਬਰਾਮਦ ਹੋਈ ਸੀ। ਗੌਰਤਲਬ ਹੈ ਕਿ ਈਰਾਨ 'ਤੇ ਅਮਰੀਕੀ ਪਾਬੰਦੀਆਂ ਕਾਰਨ ਲੈਣ-ਦੇਣ ਵਿਚ ਦਿੱਕਤ ਪੈਦਾ ਹੋਈ ਹੈ। ਹਾਲਾਂਕਿ, ਬਾਸਮਤੀ ਬਰਾਮਦਕਾਰਾਂ ਨੂੰ ਈਰਾਨ ਤੋਂ ਭੁਗਤਾਨ ਮਿਲਣਾ ਸ਼ੁਰੂ ਹੋਣ ਨਾਲ ਭਾਰਤੀ ਚਾਹ ਵਪਾਰੀਆਂ ਦੀਆਂ ਉਮੀਦਾਂ ਵਧੀਆਂ ਹਨ।