ਸਤੰਬਰ ਤਿਮਾਹੀ ’ਚ ਗੋਲਡ ਈ. ਟੀ. ਐੱਫ. ’ਚ 2,400 ਕਰੋੜ ਰੁਪਏ ਨਿਵੇਸ਼

10/30/2020 6:56:14 PM

ਨਵੀਂ ਦਿੱਲੀ– ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਿਵੇਸ਼ਕ ਜ਼ੋਖ਼ਮ ਭਰੇ ਸੋਮਿਆਂ ’ਚ ਨਿਵੇਸ਼ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਇਸ ਕਾਰਨ ਸਤੰਬਰ ਤਿਮਾਹੀ ’ਚ ਗੋਲਡ ਈ. ਟੀ. ਐੱਫ ’ਚ 2,400 ਕਰੋੜ ਰੁਪਏ ਤੋਂ ਵੱਧ ਦਾ ਸ਼ੁੱਧ ਨਿਵੇਸ਼ ਹੋਇਆ ਹੈ। ਐਸੋਸੀਏਸ਼ਨ ਆਫ ਮਿਊਚਲ ਫੰਡਸ ਇਨ ਇੰਡੀਆ (ਏ. ਐੱਮ. ਐੱਫ. ਆਈ.) ਕੋਲ ਉਪਲੱਬਧ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੀ ਸਮਾਨ ਤਿਮਾਹੀ ’ਚ ਨਿਵੇਸ਼ਕਾਂ ਨੇ ਗੋਲਡ ਈ. ਟੀ. ਐੱਫ. ’ਚ 172 ਕਰੋੜ ਰੁਪਏ ਲਗਾਏ ਸਨ। ਨਿਵੇਸ਼ਕਾਂ ਲਈ ਇਹ ਸ਼੍ਰੇਣੀ ਪੂਰੇ ਸਾਲ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇਸ ’ਚ ਹੁਣ ਤੱਕ ਨਿਵੇਸ਼ਕਾਂ ਨੇ 5,957 ਕਰੋੜ ਰੁਪਏ ਲਗਾਏ ਹਨ। ਅੰਕੜਿਆਂ ਮੁਤਾਬਕ 30 ਸਤੰਬਰ, 2020 ਨੂੰ ਸਮਾਪਤ ਤਿਮਾਹੀ ’ਚ ਨਿਵੇਸ਼ਕਾਂ ਨੇ ਗੋਲਡ ਈ. ਟੀ. ਐੱਫ. ’ਚ 2,426 ਕਰੋੜ ਰੁਪਏ ਨਿਵੇਸ਼ ਕੀਤੇ।

ਗ੍ਰੀਨ ਪੋਰਟਫੋਲੀਓ ਦੇ ਸਹਿ-ਸੰਸਥਾਪਕ ਦਿਵਮ ਸ਼ਰਮਾ ਨੇ ਕਿਹਾ ਕਿ ਪਿਛਲੇ ਇਕ ਸਾਲ ’ਚ ਗੋਲਡ ਈ. ਟੀ. ਐੱਫ. ਨੇ ਜਿਸ ਤਰ੍ਹਾਂ ਦਾ ਮਾਲੀਆ ਇਕੱਠਾ ਕੀਤਾ ਹੈ, ਉਸ ਨਾਲ ਨਿਵੇਸ਼ਕ ਇਨ੍ਹਾਂ ਵੱਲ ਆਕਰਸ਼ਿਤ ਹੋ ਰਹੇ ਹਨ। ਗ੍ਰੋ ਦੇ ਸਹਿ-ਸੰਸਥਾਪਕ ਹਰਸ਼ ਜੈਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਕਾਰਨ ਸੋਨੇ ’ਚ ਨਿਵੇਸ਼ ਦੀ ਮੰਗ ਵਧੀ ਹੈ। ਇਸ ਸਾਲ ’ਚ ਮਾਸਿਕ ਆਧਾਰ ’ਤੇ ਦੇਖੀਏ ਤਾਂ ਨਿਵੇਸ਼ਕਾਂ ਨੇ ਇਸ ਸ਼੍ਰੇਣੀ ’ਚ ਜਨਵਰੀ ’ਚ 202 ਕਰੋੜ ਰੁਪਏ ਅਤੇ ਫਰਵਰੀ ’ਚ 1,483 ਕਰੋੜ ਰੁਪਏ ਲਗਾਏ। ਹਾਲਾਂਕਿ ਮਾਰਚ ’ਚ ਉਨ੍ਹਾਂ ਨੇ 195 ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਅਪ੍ਰੈਲ ’ਚ ਮੁੜ ਤੋਂ 731 ਕਰੋੜ ਰੁਪਏ ਦਾ ਨਿਵੇਸ਼ ਹੋਇਆ। ਇਸ ਤੋਂ ਬਾਅਦ ਮਈ ’ਚ 815 ਕਰੋੜ ਰੁਪਏ, ਜੂਨ ’ਚ 494 ਕਰੋੜ ਰੁਪਏ, ਜੁਲਾਈ ’ਚ 921 ਕਰੋੜ ਰੁਪਏ, ਅਗਸਤ ’ਚ 908 ਕਰੋੜ ਰੁਪਏ ਅਤੇ ਸਤੰਬਰ ’ਚ 597 ਕਰੋੜ ਰੁਪਏ ਦਾ ਨਿਵੇਸ਼ ਆਇਆ।


Sanjeev

Content Editor

Related News