ਪਾਕਿ ਵੱਲੋਂ ਹਵਾਈ ਮਾਰਗ ਖੋਲ੍ਹਣ ਨਾਲ ਕੌਮਾਂਤਰੀ ਉਡਾਣਾਂ ਦਾ ਕਿਰਾਇਆ 45-40 ਫੀਸਦੀ ਹੋਇਅਾ ਘਟ

07/18/2019 9:42:35 AM

ਨਵੀਂ ਦਿੱਲੀ — ਪਾਕਿਸਤਾਨ ਨੇ 138 ਦਿਨਾਂ ਬਾਅਦ ਆਪਣਾ ਹਵਾਈ ਮਾਰਗ ਖੋਲ੍ਹਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪੂਰੀ ਦੁਨੀਆ ’ਚ ਹਵਾਬਾਜ਼ੀ ਉਦਯੋਗ ਖਾਸ ਕਰ ਕੇ ਭਾਰਤੀ ਕੰਪਨੀਆਂ ਨੇ ਰਾਹਤ ਦੀ ਮਹਿਸੂਸ ਕੀਤੀ ਹੈ। ਭਾਰਤ ਵੱਲੋਂ ਯੂਰਪ ਅਤੇ ਅਮਰੀਕਾ ਜਾਣ ਵਾਲੀਆਂ ਉਡਾਣਾਂ ਲਈ ਪਾਕਿਸਤਾਨ ਦਾ ਹਵਾਈ ਖੇਤਰ ਅਹਿਮ ਕਾਰੀਡੋਰ ਹੈ ਅਤੇ ਇਸ ਦੇ ਬੰਦ ਹੋਣ ਨਾਲ ਜਹਾਜ਼ਾਂ ਨੂੰ ਲੰਮਾ ਰਸਤਾ ਤੈਅ ਕਰਨਾ ਪੈ ਰਿਹਾ ਸੀ। ਇਸ ਨਾਲ ਉਨ੍ਹਾਂ ਦੀ ਸੰਚਾਲਨ ਲਾਗਤ ਵਧ ਰਹੀ ਸੀ ਅਤੇ ਕਈ ਵਾਰ ਉਡਾਣਾਂ ਨੂੰ ਰੱਦ ਕਰਨਾ ਪੈ ਰਿਹਾ ਸੀ। ਪਾਕਿਸਤਾਨ ਦੇ ਐਲਾਨ ਤੋਂ ਬਾਅਦ ਹਵਾਬਾਜ਼ੀ ਕੰਪਨੀਆਂ ਨੇ ਉਸ ਦੇ ਹਵਾਈ ਖੇਤਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਉਨ੍ਹਾਂ ਦੀਆਂ ਉਡਾਣਾਂ ਦਾ ਰਸਤਾ ਕਾਫੀ ਘੱਟ ਹੋ ਜਾਵੇਗਾ। ਪਾਕਿਸਤਾਨ ਦਾ ਹਵਾਈ ਖੇਤਰ ਬੰਦ ਹੋਣ ਨਾਲ ਇਨ੍ਹਾਂ ’ਚ ਕਰੀਬ 35 ਤੋਂ 40 ਫੀਸਦੀ ਦਾ ਵਾਧਾ ਹੋਇਆ ਸੀ। ਯਾਤਰਾ ਉਦਯੋਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੰਚਾਲਨ ਲਾਗਤ ਘੱਟ ਹੋਣ ਦਾ ਅਸਰ ਹਵਾਈ ਕਿਰਾਏ ’ਤੇ ਪੈਣਾ ਸ਼ੁਰੂ ਵੀ ਹੋ ਗਿਆ ਹੈ। ਹਵਾਈ ਟਿਕਟ ਬੁੱਕ ਕਰਨ ਦੀ ਸਹੂਲਤ ਦੇਣ ਵਾਲੀ ਇਕਸਿਗੋ ਦੇ ਸੀ. ਈ. ਓ. ਅਤੇ ਸਹਿ-ਸੰਸਥਾਪਕ ਆਲੋਕ ਵਾਜਪਾਈ ਕਹਿੰਦੇ ਹਨ ਕਿ ਪਾਕਿਸਤਾਨ ਤੋਂ ਉਡਾਣ ਰੋਕ ਹੋਣ ਨਾਲ ਦੁਬਈ ਅਤੇ ਇਸ ਤੋਂ ਅੱਗੇ ਜਾਣ ਵਾਲੇ ਜਹਾਜ਼ਾਂ ਨੂੰ ਲੰਮਾ ਸਫਰ ਤੈਅ ਕਰਨਾ ਪੈ ਰਿਹਾ ਸੀ, ਨਾਲ ਹੀ ਖਰਚ ਵੀ ਵਧ ਗਿਆ ਸੀ। ਹੁਣ ਸਥਿਤੀ ਆਮ ਹੋਣ ਤੋਂ ਬਾਅਦ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਤੋਂ ਕੁੱਝ ਮਾਰਗਾਂ ’ਤੇ ਕੌਮਾਂਤਰੀ ਉਡਾਣਾਂ ਦਾ ਕਿਰਾਇਆ ਕਰੀਬ 45-40 ਫੀਸਦੀ ਘੱਟ ਹੋ ਗਿਆ ਹੈ।

ਭਾਰਤ ਨੇ 14 ਫਰਵਰੀ ਨੂੰ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ’ਚ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ। ਇਸ ਨਾਲ ਪਾਕਿਸਤਾਨ ਨੇ ਆਪਣੇ ਹਵਾ ਖੇਤਰ ਨੂੰ ਸਾਰੇ ਜਹਾਜ਼ਾਂ ਲਈ ਬੰਦ ਕਰ ਦਿੱਤਾ ਸੀ। ਪਾਕਿਸਤਾਨ ਨੇ ਜੂਨ ’ਚ ਆਪਣੇ ਹਵਾਈ ਖੇਤਰ ਨੂੰ ਅਸਥਾਈ ਤੌਰ ’ਤੇ ਖੋਲ੍ਹਿਆ ਸੀ, ਜਿਸ ਨਾਲ ਲੱਗਾ ਕਿ ਦੋਵਾਂ ਦੇਸ਼ਾਂ ’ਚ ਤਣਾਅ ’ਚ ਕਮੀ ਆ ਰਹੀ ਹੈ ਪਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਸਕੇਕ ਤੋਂ ਪਰਤਦੇ ਸਮੇਂ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਮਨ੍ਹਾ ਕੀਤਾ ਤਾਂ ਹਾਲਾਤ ਹੋਰ ਮਾੜੇ ਹੋ ਗਏ। ਪਾਕਿਸਤਾਨ ਨੇ ਮੋਦੀ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਸੀ।

ਏਅਰ ਇੰਡੀਆ ਦੀ ਸਾਨ ਫ੍ਰਾਂਸਿਸਕੋ ਤੋਂ ਦਿੱਲੀ ਆਉਣ ਵਾਲੀ ਉਡਾਣ 2 ਘੰਟੇ ਪਹਿਲਾਂ ਦਿੱਲੀ ਪਹੁੰਚੀ

ਇਕ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਰਾਤ ਕਰੀਬ 11 ਵਜੇ ਦੱਸਿਆ ਗਿਆ ਕਿ ਪਾਕਿਸਤਾਨ ਦੇ ਉੱਤੋਂ ਲੰਘਣ ਵਾਲੀਆਂ ਉਡਾਣਾਂ ’ਤੇ ਰੋਕ ਇਕ ਘੰਟੇ ’ਚ ਹਟਾ ਲਈ ਜਾਵੇਗੀ। ਜਿਨ੍ਹਾਂ ਉਡਾਣਾਂ ਨੂੰ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਲੰਘਣ ਦੀ ਆਗਿਆ ਦਿੱਤੀ ਗਈ, ਉਨ੍ਹਾਂ ’ਚ ਏਅਰ ਇੰਡੀਆ ਦੀ ਸਾਨ ਫਰਾਂਸਿਸਕੋ ਤੋਂ ਦਿੱਲੀ ਆਉਣ ਵਾਲੀ ਉਡਾਣ ਸ਼ਾਮਲ ਸੀ। ਇਹ ਉਡਾਣ 2 ਘੰਟੇ ਪਹਿਲਾਂ ਹੀ ਦਿੱਲੀ ਪਹੁੰਚ ਗਈ।


Related News