ਰੁਚੀ ਸੋਇਆ ਵਰਗੀਆਂ ਕੰਪਨੀਆਂ ਲਈ ਆ ਸਕਦੀ ਹੈ ਮੁਸੀਬਤ, ਨਿਵੇਸ਼ਕਾਂ ਕੋਲ ਕੋਈ ਹਿੱਸੇਦਾਰੀ ਨਹੀਂ
Saturday, Aug 22, 2020 - 02:23 AM (IST)
ਮੁੰਬਈ(ਇੰਟ.) – ਪਿਛਲੇ ਸਾਲ ਦਿਵਾਲੀਆ ਹੋਣ ਵਾਲੀ ਰੁਚੀ ਸੋਇਆ ਦੇ ਸ਼ੇਅਰਾਂ ’ਚ ਜਿਸ ਤਰ੍ਹਾਂ ਨਾਲ ਉਤਾਰ-ਚੜ੍ਹਾਅ ਬਣਿਆ ਹੈ, ਉਸ ਨਾਲ ਆਉਣ ਵਾਲੇ ਸਮੇਂ ’ਚ ਅਜਿਹੀਆਂ ਕੰਪਨੀਆਂ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। ਕਾਰਣ ਹੈ ਕਿ ਸ਼ੇਅਰ ਬਾਜ਼ਾਰ ਰੈਗੁਲੇਟਰ ਸੇਬੀ ਹੁਣ ਇਸ ਤਰ੍ਹਾਂ ਦੇ ਉਤਾਰ-ਚੜ੍ਹਾਅ ਤੋਂ ਨਿਵੇਸ਼ਕਾਂ ਨੂੰ ਬਚਾਉਣ ਲਈ ਨਿਯਮ ਬਦਲ ਸਕਦਾ ਹੈ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਰੁਚੀ ਸੋਇਆ ਦਿਵਾਲੀਆ ਵਿਕਰੀ ’ਚ ਬਾਬਾ ਰਾਮਦੇਵ ਦੀ ਪਤੰਜਲੀ ਨੂੰ ਮਿਲੀ ਸੀ ਅਤੇ ਇਸ ਦੇ ਸਿਰਫ 0.97 ਫੀਸਦੀ ਸ਼ੇਅਰ ਹੀ ਪਬਲਿਕ ਕੋਲ ਹਨ। ਬਾਕੀ ਸਭ ਪ੍ਰਮੋਟਰਸ ਦੇ ਕੋਲ ਹਨ। ਅਜਿਹੇ ’ਚ ਇਹ ਸਵਾਲ ਉੱਠ ਰਿਹਾ ਹੈ ਕਿ 1 ਫੀਸਦੀ ਤੋਂ ਵੀ ਘੱਟ ਸ਼ੇਅਰ ’ਚ ਕਿਵੇਂ ਇੰਨਾ ਵੱਡਾ ਉਤਾਰ-ਚੜ੍ਹਾਅ ਸ਼ੇਅਰਾਂ ’ਚ ਹੋ ਰਿਹਾ ਹੈ।
27 ਕਰੋੜ ਸ਼ੇਅਰ ਪ੍ਰਮੋਟਰਸ ਕੋਲ
ਰੁਚੀ ਸੋਇਆ ਭਾਰਤ ’ਚ ਮੌਜੂਦ ਸਭ ਤੋਂ ਵੱਡੀ ਖੁਰਾਕ ਤੇਲ ਕੰਪਨੀਆਂ ’ਚੋਂ ਇਕ ਹੈ। ਪਿਛਲੇ ਸਾਲ ਇਹ ਕੰਪਨੀ ਦਿਵਾਲੀਆ ਹੋ ਗਈ ਸੀ ਅਤੇ ਹੁਣ ਦਿਵਾਲੀਆ ਵਿਕਰੀ ’ਚ ਬਾਬਾ ਰਾਮਦੇਵ ਦੀ ਪਤੰਜਲੀ ਨੇ ਰੁਚੀ ਸੋਇਆ ਨੂੰ ਖਰੀਦ ਲਿਆ ਸੀ। ਕੰਪਨੀ ਦੀ ਕਰੀਬ 99.03 ਫੀਸਦੀ ਹਿੱਸੇਦਾਰੀ ਯਾਨੀ 27 ਕਰੋੜ ਸ਼ੇਅਰ ਪਤੰਜਲੀ ਗਰੁੱਪ ਦੀਆਂ 15 ਕੰਪਨੀਆਂ ਕੋਲ ਹਨ। ਸਿਰਫ 0.97 ਫੀਸਦੀ ਸ਼ੇਅਰ ਹੀ ਨਿਵੇਸ਼ਕਾਂ ਕੋਲ ਹਨ। ਇਸ ਦੀ ਮੁੜ ਲਿਸਟਿੰਗ 27 ਜਨਵਰੀ 2020 ਨੂੰ ਹੋਈ ਸੀ। ਉਦੋਂ ਸ਼ੇਅਰ ਦਾ ਭਾਅ 16 ਰੁਪਏ ਸੀ।
ਇਹ ਵੀ ਦੇਖੋ: ਕੋਰੋਨਾ ਆਫ਼ਤ 'ਚ ਬੇਰੁਜ਼ਗਾਰ ਕਾਮਿਆਂ ਲਈ ਵੱਡਾ ਐਲਾਨ: ਸਰਕਾਰ ਦੇਵੇਗੀ 3 ਮਹੀਨਿਆਂ ਦੀ ਅੱਧੀ ਤਨਖ਼ਾਹ
ਸੇਬੀ ਕਰ ਸਕਦੀ ਹੈ ਜਾਂਚ
ਅਸਲ ’ਚ ਰੁਚੀ ਸੋਇਆ ਸ਼ੇਅਰ ’ਚ ਇਸ ਭਾਰੀ ਤੇਜ਼ੀ ਕਾਰਣ ਕੰਪਨੀ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਇਕ ਦਿਵਾਲੀਆ ਕੰਪਨੀ ਦੇ ਲਿਸਟ ਹੁੰਦੇ ਹੀ ਇੰਨੀ ਭਾਰੀ ਤੇਜ਼ੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਖਬਰ ਇਹ ਵੀ ਹੈ ਕ ਸੇਬੀ ਇਸ ਮਾਮਲੇ ’ਚ ਜਾਂਚ ਕਰ ਸਕਦੀ ਹੈ। ਮੁੜ ਤੋਂ ਲਿਸਟ ਹੋਣ ਤੋਂ ਬਾਅਦ ਰੁਚੀ ਸੋਇਆ ਦੇ ਸ਼ੇਅਰ ਨੇ ਸਿਰਫ 5 ਮਹੀਨਿਆਂ ’ਚ 95 ਗੁਣਾ ਤੱਕ ਰਿਟਰਨ ਦਿੱਤਾ ਪਰ ਹੁਣ ਉਸ ’ਚ ਗਿਰਾਵਟ ਆਉਣ ਲੱਗੀ ਹੈ। ਰੁਚੀ ਸੋਇਆ ਦਾ ਸ਼ੇਅਰ 2 ਮਹੀਨੇ ’ਚ 55 ਫੀਸਦੀ ਤੋਂ ਜਿਆਦਾ ਟੁੱਟ ਚੁੱਕਾ ਹੈ।
ਤਿਮਾਹੀ ਨਤੀਜੇ ’ਚ ਕੰਪਨੀ ਘਾਟੇ ’ਚ ਰਹੀ
ਤਿਮਾਹੀ ਨਤੀਜਿਆਂ ਤੋਂ ਬਾਅਦ ਰੁਚੀ ਸੋਇਆ ਦੇ ਸ਼ੇਅਰਾਂ ’ਚ ਵੀਰਵਾਰ ਨੂੰ 5 ਫੀਸਦੀ ਦਾ ਲੋਅਰ ਸਰਕਿਟ ਲੱਗਾ। ਅੱਜ ਦੇ ਕਾਰੋਬਾਰ ’ਚ ਰੁਚੀ ਸੋਇਆ ਦਾ ਸ਼ੇਅਰ 683 ਰੁਪਏ ਦੇ ਭਾਅ ਤੱਕ ਚਲਾ ਗਿਆ। ਰੁਚੀ ਸੋਇਆ ਦਾ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ’ਚ ਲਾਭ 13 ਫੀਸਦੀ ਘਟ ਕੇ 12.25 ਕਰੋੜ ਰੁਪਏ ਰਿਹਾ ਹੈ। ਕੁਲ ਆਮਦਨ ਵੀ ਘਟ ਕੇ 3,057.15 ਕਰੋੜ ਰੁਪਏ ਰਹੀ ਹੈ। ਮਾਰਚ ਤਿਮਾਹੀ ’ਚ 41.25 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਇਹ ਵੀ ਦੇਖੋ: ਪਤੰਜਲੀ ਦੇ ਆਚਾਰੀਆ ਬਾਲਕ੍ਰਿਸ਼ਨ ਨੇ 'ਰੁਚੀ ਸੋਇਆ' ਦੇ MD ਅਹੁਦੇ ਤੋਂ ਦਿੱਤਾ ਅਸਤੀਫਾ