ਹੁਣ ਸੂਚੀਬੱਧ ਕੰਪਨੀ ਦੀ ਇਕ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਦੂਜੇ ਐਕਸਚੇਂਜ ’ਤੇ ਵੀ ਸਾਂਝੀ ਹੋਵੇਗੀ

Tuesday, Sep 03, 2024 - 11:14 AM (IST)

ਮੁੰਬਈ (ਭਾਸ਼ਾ) – ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੇ ਕਿਹਾ ਹੈ ਕਿ ਕਿਸੇ ਸੂਚੀਬੱਧ ਕੰਪਨੀ ਵੱਲੋਂ ਇਕ ਸ਼ੇਅਰ ਬਾਜ਼ਾਰ ’ਚ ਕੀਤਾ ਗਿਆ ਖੁਲਾਸਾ ਜਾਂ ਜਾਣਕਾਰੀ ਆਟੋਮੈਟਿਕ ਢੰਗ ਨਾਲ ਦੂਜੀ ਐਕਸਚੇਂਜ ’ਤੇ ‘ਅਪਲੋਡ’ ਹੋ ਜਾਏਗੀ। ਇਹ ਕਦਮ ਸੇਬੀ ਵੱਲੋਂ ਹਾਲ ਹੀ ’ਚ ਸੂਚੀਬੱਧ ਕੰਪਨੀਆਂ ਵੱਲੋਂ ਖੁਲਾਸੇ ਦੇ ਨਾਲ-ਨਾਲ ਸੂਚੀਬੱਧਤਾ ਲੋੜਾਂ ’ਚ ਵਿਆਪਕ ਬਦਲਾਵਾਂ ਦਾ ਮਤਾ ਦਿੱਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ। ਇਹ ਮਤਾ ਸੇਬੀ ਦੇ ਸਾਬਕਾ ਮੈਂਬਰ ਐੱਸ. ਕੇ. ਮੋਹੰਤੀ ਦੀ ਪ੍ਰਧਾਨਗੀ ਵਾਲੀ ਕਮੇਟੀ ਦੀਆਂ ਸਿਫਾਰਿਸ਼ਾਂ ’ਤੇ ਆਧਾਰਿਤ ਹੈ।

ਸੇਬੀ ਦੀ ਪ੍ਰਧਾਨ ਬੁਚ ਨੇ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਇਕ ਪ੍ਰੋਗਰਾਮ ’ਚ ਕਿਹਾ,‘ਐਕਸਚੇਂਜ ’ਚ ਇਕ ਹੀ ਫਾਈਲਿੰਗ ਬਹੁਤ ਛੇਤੀ ਹਕੀਕਤ ਬਣ ਜਾਵੇਗੀ। ਇਸ ਤੋਂ ਇਲਾਵਾ ਬੁਚ ਨੇ ਕਿਹਾ ਕਿ ਨਿਵੇਸ਼ਕ ਛੇਤੀ ਹੀ 250 ਰੁਪਏ ਪ੍ਰਤੀ ਮਹੀਨਾ ਨਾਲ ਵਿਵਸਥਿਤ ਨਿਵੇਸ਼ ਯੋਜਨਾ (ਐੱਸ. ਆਈ. ਪੀ.) ’ਚ ਨਿਵੇਸ਼ ਸ਼ੁਰੂ ਕਰ ਸਕਨਗੇ। ਬੁਚ ਨੇ ਰੀਅਲ ਅਸਟੇਟ ਇਨਵੈਸਟਮੈਂਟ ਟ੍ਰਸਟ (ਰੀਟ) ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਜਿਹੀਆਂ ਇਕਾਈਆਂ ਦੇ ਸਰਲੀਕਰਨ ਦੇ ਨਿਯਮ ਮੌਜੂਦ ਹਨ।’

ਉਨ੍ਹਾਂ ਕਿਹਾ,‘ਜੇ ਮੈਂ ਰੀਟ ’ਤੇ ਇਕ ਸ਼ਬਦ ਵੀ ਕਹਾਂਗੀ ਤਾਂ ਮੇਰੇ ’ਤੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਗਾਇਆ ਜਾਵੇਗਾ।’ ਬੁਚ ਨੇ ਇਹ ਗੱਲ ਅਜਿਹੇ ਸਮੇਂ ਕਹੀ ਹੈ ਜਦੋਂ ਅਮਰੀਕੀ ਨਿਵੇਸ਼ ਅਤੇ ਖੋਜ ਕੰਪਨੀ ਹਿੰਡਨਬਰਗ ਨੇ ਆਪਣੀ ਦੂਜੀ ਰਿਪੋਰਟ ’ਚ ਉਸ ਅਤੇ ਪ੍ਰਾਈਵੇਟ ਇਕਵਿਟੀ ਸੈਕਟਰ ਦੀ ਕੰਪਨੀ ਬਲੈਕਸਟੋਨ ਨਾਲ ਜੁੜੇ ਸੰਭਾਵੀ ਹਿੱਤਾਂ ਦੇ ਟਕਰਾਅ ’ਤੇ ਸਵਾਲ ਖੜ੍ਹੇ ਕੀਤੇ ਹਨ। ਸੇਬੀ ਮੁਖੀ ਨੇ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਨਿਵੇਸ਼ਕਾਂ ਦੀ ਜਾਗਰੂਕਤਾ ਵਧਾਉਣ ਲਈ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਦਸਤਾਵੇਜ਼ਾਂ ਨੂੰ ਕਈ ਭਾਸ਼ਾਵਾਂ ’ਚ ਉਪਲਬਧ ਕਰਾਉਣ ਦੀਆਂ ਯੋਜਨਾਵਾਂ ਨੂੰ ਵੀ ਉਜਾਗਰ ਕੀਤਾ।

ਨਾਲ ਹੀ ਉਨ੍ਹਾਂ ਸ਼ਮੂਲੀਅਤ ਦੇ ਮਹੱਤਵ ’ਤੇ ਵੀ ਜ਼ੋਰ ਿਦੱਤਾ। ਉਨ੍ਹਾਂ ਕਿਹਾ ਕਿ ਉਦਯੋਗਾਂ ਲਈ ਪੂੰਜੀ ਸਿਰਜਨ ਅਤੇ ਦੇਸ਼ ਦੇ ਨਾਗਰਿਕਾਂ ਲਈ ਧਨ ਸਿਰਜਨ ਰੈਗੂਲੇਟਰੀ ਦੇ 2 ਬਹੁਤ ਮਹੱਤਵਪੂਰਨ ਖੇਤਰ ਹਨ। ਬੁਚ ਨੇ ਬਾਜ਼ਾਰਾਂ ’ਚ ਤਕਨੀਕ ਨੂੰ ਅਪਨਾਉਣ ਅਤੇ ਬਾਜ਼ਾਰ ਦੀਆਂ ਮੁਸ਼ਕਿਲਾਂ (ਸਹੀ ਵਿਅਕਤੀ ਲਈ ਸਹੀ ਉਤਪਾਦ) ਅਤੇ ਉਦਯੋਗ ਦੇ ਨਾਲ-ਨਾਲ ਸਹਿ-ਸ੍ਰਿਜਨ ਦੀ ਲੋੜ ਦਾ ਵੀ ਜ਼ਿਕਰ ਕੀਤਾ।


Harinder Kaur

Content Editor

Related News