ਇਨਫੋਸਿਸ ਖ਼ਿਲਾਫ਼ ਅਮਰੀਕਾ 'ਚ ਮੁਕੱਦਮਾ ਦਾਖਲ, ਨਸਲੀ ਵਿਤਕਰੇ ਦਾ ਲੱਗਾ ਦੋਸ਼
Sunday, Jun 14, 2020 - 04:58 PM (IST)

ਨਵੀਂ ਦਿੱਲੀ — ਭਾਰਤ ਦੀ ਪ੍ਰਮੁੱਖ ਆਈਟੀ ਸਰਵਿਸਿਜ਼ ਕੰਪਨੀ ਇੰਫੋਸਿਸ ਦੇ ਇੱਕ ਸਾਬਕਾ ਕਰਮਚਾਰੀ ਨੇ ਅਮਰੀਕਾ ਵਿਚ ਕੰਪਨੀ ਖਿਲਾਫ ਨਸਲੀ ਵਿਤਕਰਾ ਕਰਨ ਦਾ ਦੋਸ਼ ਲਾਉਂਦਿਆਂ ਉਸ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਡੇਵਿਨਾ ਲਿੰਗਵਿਸਟ ਵਲੋਂ ਇਹ ਮੁਕੱਦਮਾ ਦਾਇਰ ਕੀਤਾ ਗਿਆ ਹੈ। ਉਹ ਇਨਫੋਸਿਸ ਦੀ ਯੂ.ਐਸ. ਯੂਨਿਟ ਵਿਚ ਸਾਬਕਾ ਡਾਇਵਰਸਿਟੀ ਪ੍ਰਮੁੱਖ ਵਜੋਂ ਕੰਮ ਕਰ ਚੁੱਕੀ ਹੈ। 11 ਜੂਨ ਨੂੰ ਜ਼ਿਲ੍ਹਾ ਅਦਾਲਤ ਵਿਚ ਇਹ ਮੁਕੱਦਮਾ ਦਾਇਰ ਕੀਤਾ ਗਿਆ ਸੀ।
ਮੁਲਜ਼ਮ ਨੇ ਕੰਪਨੀ ਖ਼ਿਲਾਫ਼ ਮੁਕੱਦਮੇ ਵਿਚ ਦਿੱਤੀ ਸੀ ਗਵਾਹੀ
ਇਕ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ਲਿੰਗਵਿਸਟ ਨੇ ਇਲਜ਼ਾਮ ਲਗਾਇਆ ਹੈ ਕਿ ਉਸਨੇ ਸਾਲ 2016 ਵਿਚ ਕੰਪਨੀ ਦੇ ਖਿਲਾਫ ਇੱਕ ਕਲਾਸ-ਐਕਸ਼ਨ ਮੁਕੱਦਮੇ ਵਿਚ ਗਵਾਹੀ ਦਿੱਤੀ ਸੀ। ਉਸ ਤੋਂ ਬਾਅਦ ਕੰਪਨੀ ਨੇ ਉਸ ਨੂੰ ਉਸਦੀਆਂ ਜ਼ਿੰਮੇਵਾਰੀਆਂ ਤੋਂ ਹਟਾ ਦਿੱਤਾ। ਆਖਿਰਕਾਰ ਲਿੰਗਵਿਲਟ ਨੇ 2017 ਵਿਚ ਨੌਕਰੀ ਛੱਡ ਦਿੱਤੀ। ਜਦੋਂ ਕੋਈ ਮੁਕੱਦਮਾ ਇਕ ਖਾਸ ਵਿਅਕਤੀ ਨਾਲੋਂ ਵੱਡੇ ਵਰਗ ਦੇ ਹਿੱਤ ਨਾਲ ਜੁੜਿਆ ਹੁੰਦਾ ਹੈ, ਤਾਂ ਉਸ ਨੂੰ ਕਲਾਸ-ਐਕਸ਼ਨ ਮੁਕੱਦਮੇ ਦੀ ਸ਼੍ਰੇਣੀ 'ਚ ਪਾ ਦਿੱਤਾ ਜਾਂਦਾ ਹੈ।
ਇੰਫੋਸਿਸ ਖਿਲਾਫ ਸਾਲ 2013 ਵਿਚ ਇੱਕ ਕਲਾਸ-ਐਕਸ਼ਨ ਮੁਕੱਦਮਾ ਦਾਇਰ ਕੀਤਾ ਗਿਆ
ਸਾਲ 2013 ਵਿਚ ਆਈਟੀ ਪੇਸ਼ੇਵਰ ਬਰੈਂਡਾ ਕੋਚਲਰ ਨੇ ਦੋਸ਼ ਲਾਇਆ ਸੀ ਕਿ ਕੰਪਨੀ ਨੇ ਨੌਕਰੀ ਦੇਣ 'ਚ ਉਸਦੀ ਦੀ ਥਾਂ ਇਕ ਦੱਖਣੀ ਏਸ਼ੀਆਈ ਪੇਸ਼ੇਵਰ ਨੂੰ ਤਰਜੀਹ ਦਿੱਤੀ। ਮੁਕੱਦਮਾ ਬਾਅਦ ਵਿਚ ਇਕ ਕਲਾਸ-ਐਕਸ਼ਨ ਮੁਕੱਦਮਾ ਬਣ ਗਿਆ। ਉਸੇ ਮੁਕੱਦਮੇ ਵਿਚ ਲਿੰਗਵਿਸਟ ਨੇ ਕੰਪਨੀ ਵਿਰੁੱਧ ਗਵਾਹੀ ਦਿੱਤੀ ਸੀ।
ਕੰਪਨੀ ਵਿਰੁੱਧ ਇਕ ਮੁਕੱਦਮਾ 2012 'ਚ ਹੋ ਚੁੱਕਾ ਹੈ ਰੱਦ
ਸਾਲ 2013 ਦੇ ਮੁਕੱਦਮੇ ਤੋਂ ਵੀ ਪਹਿਲਾਂ ਕੰਪਨੀ ਖ਼ਿਲਾਫ਼ ਇੱਕ ਹੋਰ ਮੁਕੱਦਮਾ ਦਾਇਰ ਕੀਤਾ ਗਿਆ ਸੀ। ਉਸ ਮੁਕੱਦਮੇ ਨੂੰ ਅਗਸਤ 2012 ਵਿਚ ਖਾਰਜ ਕਰ ਦਿੱਤਾ ਗਿਆ ਸੀ। ਉਸ ਮੁਕੱਦਮੇ ਵਿਚ ਅਲਬਾਮਾ ਵਿਚ ਇਕ ਇਨਫੋਸਿਸ ਕਰਮਚਾਰੀ ਜੈਕ ਪਾਮਰ (ਇਕ ਅਮਰੀਕੀ ਨਾਗਰਿਕ) ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਸ਼ਾਟ-ਟਰਮ ਵੀਜ਼ਾ ਦੀ ਦੁਰਵਰਤੋਂ ਦਾ ਮੁੱਦਾ ਚੁੱਕਿਆ ਤਾਂ ਕੰਪਨੀ ਨੇ ਉਸ ਨੂੰ ਤੰਗ ਕੀਤਾ।