ਫਰਵਰੀ ਦੇ ਮੁਕਾਬਲੇ ਮਾਰਚ ਵਿਚ 1 ਫੀਸਦੀ ਡਿੱਗੀ ਥੋਕ ਕੀਮਤਾਂ ਤੇ ਆਧਾਰਤ ਮਹਿੰਗਾਈ ਦਰ

04/15/2020 4:37:59 PM

ਨਵੀਂ ਦਿੱਲੀ - ਥੋਕ ਮੁੱਲ ਸੂਚਕ ਅੰਕ(WPI) ਤੇ ਅਧਾਰਿਤ ਮਹਿੰਗਾਈ ਦਰ ਫਰਵਰੀ ਦੇ 2.26 ਫੀਸਦੀ ਦੇ ਮੁਕਾਬਲੇ ਮਾਰਚ ਮਹੀਨੇ ਵਿਚ ਡਿੱਗ ਕੇ ਇੱਕ ਫੀਸਦੀ ਰਹਿ ਗਈ। ਇਸ ਦੌਰਾਨ ਦੇਸ਼ ਵਿਚ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਕਮੀ ਆਈ।

ਮਾਰਚ ਵਿਚ ਖੁਰਾਕੀ ਮਹਿੰਗਾਈ ਦਰ ਘਟ ਕੇ 4.91 ਫੀਸਦੀ ਰਹਿ ਗਈ

ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਖੁਰਾਕੀ ਮਹਿੰਗਾਈ ਦਰ ਮਾਰਚ ਵਿਚ ਡਿੱਗ ਕੇ 4.91 ਪ੍ਰਤੀਸ਼ਤ ਰਹਿ ਗਈ, ਜਦੋਂਕਿ ਇਸ ਤੋਂ ਪਿਛਲੇ ਮਹੀਨੇ ਇਹ 7.79 ਫੀਸਦੀ ਸੀ। ਕੋਰੋਨਾ ਵਿਸ਼ਾਣੂ ਮਹਾਂਮਾਰੀ ਦੇ ਮੱਦੇਨਜ਼ਰ 25 ਮਾਰਚ ਤੋਂ ਸ਼ੁਰੂ ਹੋਏ ਦੇਸ਼ ਵਿਆਪੀ ਲਾਕਡਾਊਨ ਦਾ ਅਸਰ ਇਸ ਮਹੀਨੇ ਦੌਰਾਨ ਅੰਕੜੇ ਜਮਾਂ ਕਰਨ ਤੇ ਵੀ ਪਿਆ।

ਤਿਆਰ ਮਾਲ ਦੀਆਂ ਕੀਮਤਾਂ ਵਿਚ 0.34 ਫੀਸਦੀ ਤੱਕ ਦਾ ਵਾਧਾ

ਮਾਰਚ ਵਿਚ ਸਬਜ਼ੀਆਂ ਦੀ ਮਹਿੰਗਾਈ ਦਰ ਘਟ ਕੇ 11.90 ਪ੍ਰਤੀਸ਼ਤ ਰਹਿ ਗਈ ਜਦੋਂਕਿ ਪਿਛਲੇ ਮਹੀਨੇ ਇਹ 29.97 ਫੀਸਦੀ ਸੀ। ਹਾਲਾਂਕਿ, ਇਸ ਸਮੇਂ ਦੌਰਾਨ ਪਿਆਜ਼ ਮਹਿੰਗਾ ਰਿਹਾ। ਬਾਲਣ ਅਤੇ ਬਿਜਲੀ ਉਤਪਾਦਾਂ ਵਿਚ 1.76 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂਕਿ ਨਿਰਮਿਤ ਚੀਜ਼ਾਂ ਦੀਆਂ ਕੀਮਤਾਂ ਵਿਚ 0.34 ਪ੍ਰਤੀਸ਼ਤ ਦਾ ਵਾਧਾ ਹੋਇਆ।

ਅੰਕੜਿਆਂ ਵਿਚ ਹੋ ਸਕਦੈ ਬਦਲਾਅ

ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਅਤੇ ਦੇਸ਼ ਵਿਆਪੀ ਲਾਕਡਾਊਨ ਕਾਰਨ ਨਵੇਂ ਮਹੀਨੇ ਲਈ WPI ਦੇ ਆਰੰਭਿਕ ਅੰਕੜਿਆਂ ਦੀ ਗਣਨਾ ਘੱਟ ਪ੍ਰਤੀਕ੍ਰਿਤੀ ਦਰ ਦੇ ਅਧਾਰ ਤੇ ਕੀਤੀ ਗਈ ਹੈ ਆਉਣ ਵਾਲੇ ਸਮੇਂ ਵਿਚ ਇਨਾਂ ਅੰਕੜਿਆਂ ਵਿਚ ਮਹੱਤਵਪੂਰਨ ਬਦਲਾਅ ਹੋ ਸਕਦਾ ਹੈ।
 


Harinder Kaur

Content Editor

Related News