ਫਿਚ ਰੇਟਿੰਗਸ ਨੇ ਕਿਹਾ, ਭਾਰਤ ''ਚ ਆਰਥਿਕ ਮੰਦੀ ਵਿਸ਼ਵ ''ਚ ਸਭ ਤੋਂ ਗੰਭੀਰ
Thursday, Jan 14, 2021 - 01:22 PM (IST)

ਨਵੀਂ ਦਿੱਲੀ- ਭਾਰਤੀ ਅਰਥਵਿਵਸਥਾ ਨੂੰ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਭਾਵ ਲੰਮੇ ਸਮੇਂ ਤੱਕ ਝਲਣਾ ਹੋਵੇਗਾ। ਫਿਚ ਰੇਟਿੰਗਸ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ ਵਿੱਤੀ ਸਾਲ 2021-22 ਵਿਚ ਭਾਰਤੀ ਅਰਥਵਿਵਸਥਾ 11 ਫ਼ੀਸਦੀ ਦਾ ਚੰਗਾ ਵਾਧਾ ਦਰਜ ਕਰੇਗੀ ਪਰ ਉਸ ਤੋਂ ਬਾਅਦ 2022-23 ਤੋਂ 2025-26 ਤੱਕ ਭਾਰਤ ਦੀ ਜੀ. ਡੀ. ਪੀ. ਦੀ ਰਫ਼ਤਾਰ ਸੁਸਤ ਪੈ ਕੇ 6.5 ਫ਼ੀਸਦੀ ਦੇ ਆਸਪਾਸ ਰਹੇਗੀ।
ਭਾਰਤੀ ਅਰਥਵਿਵਸਥਾ 'ਤੇ ਟਿੱਪਣੀ ਵਿਚ ਫਿਚ ਰੇਟਿੰਗਸ ਨੇ ਕਿਹਾ, ''ਸਪਲਾਈ ਦੇ ਮੁਕਾਬਲੇ ਮੰਗ ਵਿਚ ਰੁਕਾਵਟਾਂ ਦੀ ਵਜ੍ਹਾ ਨਾਲ ਜੀ. ਡੀ. ਪੀ. ਮਹਾਮਾਰੀ ਦੇ ਪਹਿਲਾਂ ਦੇ ਪੱਧਰ ਤੋਂ ਹੇਠਾਂ ਰਹੇਗੀ।''
ਫਿਚ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਭਾਰਤ ਵਿਚ ਮੰਦੀ ਦੀ ਸਥਿਤੀ ਦੁਨੀਆ ਵਿਚ ਸਭ ਤੋਂ ਗੰਭੀਰ ਹੈ। ਸਖ਼ਤ ਤਾਲਾਬੰਦੀ ਅਤੇ ਸੀਮਤ ਵਿੱਤੀ ਸਮਰਥਨ ਦੀ ਵਜ੍ਹਾ ਨਾਲ ਅਜਿਹੀ ਸਥਿਤੀ ਬਣੀ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਅਰਥਿਵਵਸਥਾ ਹੁਣ ਸੁਧਰ ਰਹੀ ਹੈ। ਕੋਰੋਨਾ ਟੀਕਾਕਰਨ ਨਾਲ ਅਗਲੇ ਕੁਝ ਮਹੀਨਿਆਂ ਵਿਚ ਇਸ ਨੂੰ ਹੋਰ ਸਮਰਥਨ ਮਿਲੇਗਾ। ਏਜੰਸੀ ਨੇ ਕਿਹਾ ਕਿ ਅੰਦਾਜ਼ਾ ਹੈ ਕਿ 2021-22 ਵਿਚ ਭਾਰਤੀ ਅਰਥਵਿਵਸਥਾ 11 ਫ਼ੀਸਦੀ ਦਾ ਵਾਧਾ ਦਰਜ ਕਰੇਗੀ। ਚਾਲੂ ਵਿੱਤੀ ਸਾਲ 2020-21 ਵਿਚ ਜੀ. ਡੀ. ਪੀ. 9.4 ਫ਼ੀਸਦੀ ਡਿੱਗ ਸਕਦੀ ਹੈ। ਫਿਚ ਨੇ ਕਿਹਾ ਕਿ ਮਹਾਮਾਰੀ ਸੰਕਟ ਤੋਂ ਪਹਿਲਾਂ ਹੀ ਭਾਰਤੀ ਅਰਥਵਿਵਸਥਾ ਹੇਠਾਂ ਆ ਰਹੀ ਸੀ। 2019-20 ਵਿਚ ਜੀ. ਡੀ. ਪੀ. ਦਰ 4.2 ਫ਼ੀਸਦੀ 'ਤੇ ਆ ਗਈ ਸੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ 6.1 ਫ਼ੀਸਦੀ ਰਹੀ ਸੀ।