ਭਾਰਤੀਆਂ ਨੇ 2021 'ਚ ਦਿਲ ਖੋਲ੍ਹ ਕੇ ਖਰੀਦਿਆ ਸੋਨਾ, ਤੋੜਿਆ 10 ਸਾਲ ਦਾ ਰਿਕਾਰਡ

Thursday, Jan 06, 2022 - 05:41 PM (IST)

ਭਾਰਤੀਆਂ ਨੇ 2021 'ਚ ਦਿਲ ਖੋਲ੍ਹ ਕੇ ਖਰੀਦਿਆ ਸੋਨਾ, ਤੋੜਿਆ 10 ਸਾਲ ਦਾ ਰਿਕਾਰਡ

ਨਵੀਂ ਦਿੱਲੀ (ਇੰਟ) - ਭਾਰਤ ਨੇ ਸਾਲ 2021 ਵਿਚ 1,050 ਟਨ ਸੋਨੇ ਦੀ ਦਰਾਮਦ ਕਰ ਕੇ ਆਪਣਾ 10 ਸਾਲ ਪੁਰਾਣਾ ਰਿਕਾਰਡ ਤੋਡ਼ ਦਿੱਤਾ ਹੈ। ਭਾਰਤ ਨੇ ਸ‍ਵਰਣ ਦਰਾਮਦ ਉੱਤੇ ਕੁਲ 55.7 ਅਰਬ ਡਾਲਰ ਖਰਚ ਕੀਤੇ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਹੈ। ਭਾਰਤ ਨੇ 2020 ਵਿਚ 23 ਅਰਬ ਡਾਲਰ ਤੋਂ ਘੱਟ ਦੀ ਸੋਨਾ ਦਰਾਮਦ ਕੀਤੀ ਗਈ ਸੀ। ਯਾਨੀ ਭਾਰਤੀਆਂ ਨੇ ਦਿਲ ਖੋਲ੍ਹ ਕੇ ਸੋਨਾ ਖਰੀਦਿਆ ਹੈ।

ਭਾਰਤ ਦੁਨੀਆ ਵਿਚ ਸੋਨੇ ਦੇ ਸਭ ਤੋਂ ਵੱਡੇ ਖਪਤਕਾਰਾਂ ਵਿਚੋਂ ਇਕ ਹੈ। 2021 ਵਿਚ ਉਸ ਨੇ ਇਸ ਵਡਮੁੱਲੀ ਧਾਤੂ ਦੀ ਦਰਾਮਦ ਦੇ ਪਿਛਲੇ ਰਿਕਾਰਡ ਨੂੰ ਵੀ ਤੋਡ਼ ਦਿੱਤਾ। ਇਸ ਤੋਂ ਪਹਿਲਾਂ 2011 ਵਿਚ 53.9 ਅਰਬ ਡਾਲਰ ਦਾ ਸੋਨਾ ਦਰਾਮਦ ਕੀਤਾ ਗਿਆ ਸੀ। ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ 2020 ਵਿਚ 430 ਟਨ ਸੋਨਾ ਦਰਾਮਦ ਹੋਈ ਸੀ, ਜਦੋਂਕਿ 2021 ਵਿਚ ਇਸ ਦੀ ਮਾਤਰਾ ਦੁੱਗਣੀ ਤੋਂ ਵੀ ਜ਼ਿਆਦਾ ਵਧ ਕੇ 1050 ਟਨ ਉੱਤੇ ਪਹੁੰਚ ਗਈ।

ਇਹ ਵੀ ਪੜ੍ਹੋ : ਹੁਣ ਬਿਨਾਂ ਇੰਟਰਨੈੱਟ ਤੇ ਮੋਬਾਈਲ ਨੈੱਟਵਰਕ ਤੋਂ ਕਰ ਸਕੋਗੇ ਭੁਗਤਾਨ, RBI ਨੇ ਦਿੱਤੀ ਮਨਜ਼ੂਰੀ

2020 ਵਿਚ ਮਹਾਮਾਰੀ ਕਾਰਨ ਟਲ ਗਏ ਸਨ ਵਿਆਹ

ਕੋਰੋਨਾ ਮਹਾਮਾਰੀ ਕਾਰਨ 2020 ਵਿਚ ਸੋਨੇ ਦੀ ਘਰੇਲੂ ਮੰਗ ਵਿਚ ਭਾਰੀ ਕਮੀ ਆਈ ਸੀ। ਇਸ ਦਾ ਕਾਰਨ ਸੀ ਕੋਰੋਨਾ ਦੀਆਂ ਪਾਬੰਦੀਆਂ ਕਾਰਨ ਵਿਆਹ ਦਾ ਟਲਣਾ। ਇਸ ਕਾਰਨ ਭਾਰਤ ਨੇ 2020 ਵਿਚ ਸੋਨੇ ਦੀ ਦਰਾਮਦ ਉੱਤੇ ਸਿਰਫ 22 ਅਰਬ ਡਾਲਰ ਹੀ ਖਰਚ ਕੀਤੇ। ਕੋਲਕਾਤਾ ਵਿਚ ਸੋਨੇ ਦੇ ਥੋਕ ਵਿਕ੍ਰੇਤਾ ਹਰਸ਼ਦ ਅਜਮੇਰਾ ਨੇ ਦੱਸਿਆ ਕਿ ਪਿਛਲੇ ਸਾਲ ਤਾਂ ਮੰਗ ਜ਼ਬਰਦਸਤ ਸੀ ਕਿਉਂਕਿ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਕਾਰਨ 2020 ਵਿਚ ਵਿਆਹ ਟਲ ਗਏ ਸਨ। ਮਾਰਚ 2020 ਵਿਚ ਭਾਰਤ ਨੇ ਬੇਹੱਦ ਸਖਤ ਲਾਕਡਾਊਨ ਲਾਗੂ ਕਰ ਦਿੱਤਾ ਸੀ। ਇਸ ਨੇ ਆਮ ਜਨਜੀਵਨ ਨੂੰ ਵੀ ਪੂਰੀ ਤਰ੍ਹਾਂ ਰੋਕ ਦਿੱਤਾ ਸੀ। ਵੱਡੀ ਗਿਣਤੀ ਵਿਚ ਵਿਆਹ ਟਲ ਗਏ, ਜੋ ਸੋਨੇ ਦੀ ਖਰੀਦਦਾਰੀ ਦੀ ਭਾਰਤ ਵਿਚ ਇਕ ਵੱਡੀ ਵਜ੍ਹਾ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਅਕਸ਼ੈ ਤ੍ਰਿਤਿਆ ਵਰਗੇ ਤਿਉਹਾਰਾਂ ਉੱਤੇ ਵੀ ਲੋਕ ਜੰਮ ਕੇ ਸੋਨਾ ਖਰੀਦਦੇ ਹਨ ਪਰ ਲਾਕਡਾਊਨ ਕਾਰਨ ਇਹ ਤਿਉਹਾਰ ਵੀ ਬਹੁਤ ਛੋਟੇ ਪੈਮਾਨੇ ਉੱਤੇ ਮਨਾਇਆ ਗਿਆ ਅਤੇ ਮੰਗ ਬੇਹੱਦ ਘੱਟ ਰਹੀ। ਅਜਮੇਰਾ ਕਹਿੰਦੇ ਹਨ ਕਿ ਇਹ ਕਾਰਨ ਤਾਂ ਸਨ ਹੀ, ਇਨ੍ਹਾਂ ਤੋਂ ਇਲਾਵਾ ਕੌਮਾਂਤਰੀ ਬਾਜ਼ਾਰਾਂ ਵਿਚ ਸੋਨੇ ਦੀ ਕੀਮਤ ਵੀ ਘੱਟ ਹੋਈ, ਜਿਸ ਕਾਰਨ 2021 ਦੀ ਸ਼ੁਰੂਆਤ ਵਿਚ ਲੋਕਾਂ ਨੇ ਕਾਫੀ ਖਰੀਦਦਾਰੀ ਕੀਤੀ ਸੀ।

ਇਹ ਵੀ ਪੜ੍ਹੋ : 'ਹੀਰੋ' ਬ੍ਰਾਂਡ 'ਤੇ ਮੁੰਜਾਲ ਭਰਾਵਾਂ ਦਰਮਿਆਨ ਛਿੜੀ 'ਜੰਗ', ਅੱਧਾ ਦਰਜਨ ਤੋਂ ਵੱਧ ਵਕੀਲਾਂ ਦੀ ਹੋਈ ਨਿਯੁਕਤੀ

ਕੀਮਤਾਂ ਵਿਚ ਗਿਰਾਵਟ ਨੇ ਵੀ ਵਧਾਈ ਮੰਗ

ਅਗਸਤ 2020 ਵਿਚ ਸੋਨੇ ਦੀ ਕੀਮਤ ਭਾਰਤੀ ਬਾਜ਼ਾਰ ਵਿਚ 56,191 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ ਸੀ, ਜੋ ਇਕ ਨਵਾਂ ਰਿਕਾਰਡ ਸੀ ਪਰ ਮਾਰਚ 2021 ਵਿਚ ਇਹ ਕੀਮਤ 43,320 ਰੁਪਏ ਉੱਤੇ ਪਰਤ ਆਈ। ਉਸੇ ਮਹੀਨੇ ਵਿਚ 177 ਟਨ ਸੋਨਾ ਦਰਾਮਦ ਕੀਤਾ ਗਿਆ। ਪਿਛਲੇ ਸਾਲ ਦਸੰਬਰ ਵਿਚ 86 ਟਨ ਸੋਨਾ ਦਰਾਮਦ ਕੀਤਾ ਗਿਆ, ਜੋ 2020 ਦਸੰਬਰ ਦੇ 84 ਟਨ ਤੋਂ ਥੋੜ੍ਹਾ ਜ਼ਿਆਦਾ ਸੀ।

ਇਹ ਵੀ ਪੜ੍ਹੋ : ਕ੍ਰਿਪਟੋ ਕਰੰਸੀ ਦੇ ਪਿੱਛੇ ਭੱਜਣ ਲੱਗੀ ਦੁਨੀਆ, ਮਹਿੰਗਾਈ ਦੀ ਸਤਾ ਰਹੀ ਹੈ ਚਿੰਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News