ਤਿਉਹਾਰਾਂ 'ਚ 100 ਵਿਸ਼ੇਸ਼ ਟਰੇਨਾਂ ਚਲਾਏਗਾ ਰੇਲਵੇ, ਮਹਿੰਗੀ ਹੋਵੇਗੀ ਟਿਕਟ

Monday, Oct 05, 2020 - 10:31 PM (IST)

ਨਵੀਂ ਦਿੱਲੀ— ਭਾਰਤੀ ਰੇਲਵੇ ਨੇ ਤਿਉਹਾਰਾਂ ਦੌਰਾਨ ਕਈ ਮਾਰਗਾਂ 'ਤੇ ਟਰੇਨਾਂ ਦੀ ਮੰਗ ਵਧਣ ਦੇ ਮੱਦੇਨਜ਼ਰ 100 ਤੋਂ ਵੱਧ ਵਿਸ਼ੇਸ਼ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਟਰੇਨਾਂ 20 ਅਕਤੂਬਰ ਤੋਂ 30 ਨਵੰਬਰ ਵਿਚਕਾਰ ਚਲਾਈਆਂ ਜਾਣਗੀਆਂ ਕਿਉਂਕਿ ਕਈ ਮਾਰਗਾਂ 'ਤੇ ਤਿਉਹਾਰਾਂ ਲਈ ਟਰੇਨਾਂ ਦੀ ਬੁਕਿੰਗ ਪੂਰੀ ਹੋ ਚੁੱਕੀ ਹੈ। ਹਾਲਾਂਕਿ, ਇਨ੍ਹਾਂ ਤਿਉਹਾਰੀ ਵਿਸ਼ੇਸ਼ ਟਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਆਮ ਤੋਂ ਜ਼ਿਆਦਾ ਕਿਰਾਇਆ ਦੇਣਾ ਪਵੇਗਾ।

ਸੂਤਰਾਂ ਮੁਤਾਬਕ, ਇਸ ਹਫ਼ਤੇ ਦੇ ਅੰਤ ਤੱਕ ਇਨ੍ਹਾਂ ਵਿਸ਼ੇਸ਼ ਟਰੇਨਾਂ ਦਾ ਐਲਾਨ ਹੋ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਟਰੇਨਾਂ ਦਾ ਕਿਰਾਇਆ ਆਮ ਟਰੇਨਾਂ ਦੇ ਮੁਕਾਬਲੇ 30 ਫੀਸਦੀ ਜ਼ਿਆਦਾ ਹੋਵੇਗਾ, ਯਾਨੀ ਮੁਸਾਫ਼ਰਾਂ ਨੂੰ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਹੋਵੇਗੀ। ਗੌਰਤਲਬ ਹੈ ਕਿ ਕੋਰੋਨਾ ਸੰਕਟ ਵਿਚਕਾਰ ਮੰਗ ਮੁਤਾਬਕ, ਹੌਲੀ-ਹੌਲੀ ਟਰੇਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ।

ਭਾਰਤੀ ਰੇਲਵੇ ਇਸ ਸਮੇਂ ਕੋਰੋਨਾ ਵਾਇਰਸ ਸੰਕਟ ਦੌਰਾਨ ਤਕਰੀਬਨ 400 ਵਿਸ਼ੇਸ਼ ਟਰੇਨਾਂ ਚਲਾ ਰਿਹਾ ਹੈ। ਤਿਉਹਾਰਾਂ ਲਈ ਟਰੇਨਾਂ ਦੀ ਮੰਗ ਵਧੀ ਹੈ। ਕਈ ਮਾਰਗਾਂ 'ਤੇ ਟਰੇਨਾਂ ਦੀ ਬੁਕਿੰਗ ਪੂਰੀ ਹੋ ਚੁੱਕੀ ਹੈ, ਅਜਿਹੇ 'ਚ ਰੇਲਵੇ ਵੱਲੋਂ ਕਈ ਮਾਰਗਾਂ 'ਤੇ ਤਿਉਹਾਰਾਂ ਦੌਰਾਨ ਵਿਸ਼ੇਸ਼ ਟਰੇਨਾਂ ਚਲਾਈਆਂ ਜਾਣਗੀਆਂ। ਇਨ੍ਹਾਂ ਟਰੇਨਾਂ ਦੀ ਗਿਣਤੀ ਮੰਗ ਮੁਤਾਬਕ, 100 ਵੀ ਹੋ ਸਕਦੀ ਅਤੇ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ।


Sanjeev

Content Editor

Related News