ਭਾਰਤ ’ਚ ਬਣੇ ਐਪਲ ਆਈਫੋਨ ਦਾ ਯੂਰਪੀ ਬਾਜ਼ਾਰਾਂ ’ਚ ਹੋ ਰਿਹੈ ਐਕਸਪੋਰਟ

Friday, Jul 12, 2019 - 12:17 PM (IST)

ਭਾਰਤ ’ਚ ਬਣੇ ਐਪਲ ਆਈਫੋਨ ਦਾ ਯੂਰਪੀ ਬਾਜ਼ਾਰਾਂ ’ਚ ਹੋ ਰਿਹੈ ਐਕਸਪੋਰਟ

ਨਵੀਂ ਦਿੱਲੀ — ਆਈ. ਟੀ. ਸੈਕਟਰ ਦੀ ਪ੍ਰਮੁੱਖ ਕੰਪਨੀ ਐਪਲ ਨੇ ਭਾਰਤ ’ਚ ਤਿਆਰ ਆਪਣੇ ਆਈਫੋਨ ਦਾ ਹੁਣ ਯੂਰਪੀ ਬਾਜ਼ਾਰ ’ਚ ਐਕਸਪੋਰਟ ਸ਼ੁਰੂ ਕਰ ਦਿੱਤਾ ਹੈ। ਮੋਦੀ ਸਰਕਾਰ ਦੀ ‘ਮੇਕ ਇਨ ਇੰਡੀਆ’ ਯੋਜਨਾ ਨੂੰ ਇਸ ਨਾਲ ਜ਼ਬਰਦਸਤ ਸਫਲਤਾ ਮਿਲਣ ਦੀ ਸੰਭਾਵਨਾ ਹੈ। ਐਪਲ ਕੰਪਨੀ ਨੇ 2016 ’ਚ ਭਾਰਤ ’ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਸ਼ੁਰੂ ’ਚ ਇਹ ਐਪਲ ਦੇ ਕੁੱਝ ਮੋਬਾਇਲ ਫੋਨ ਨੂੰ ਇੱਥੇ ਸਿਰਫ ਅਸੈਂਬਲ ਕਰਦਾ ਸੀ। ਪਿਛਲੇ ਕੁੱਝ ਮਹੀਨਿਆਂ ’ਚ ਕੰਪਨੀ ਨੇ ਇੱਥੇ ਆਪਣੇ ਸਭ ਤੋਂ ਮਸ਼ਹੂਰ ਆਈਫੋਨ ਦਾ ਨਿਰਮਾਣ ਵੀ ਸ਼ੁਰੂ ਕਰ ਦਿੱਤਾ ਹੈ। ਭਾਰਤ ’ਚ ਬਣੇ ਆਈਫੋਨ ਨੂੰ ਯੂਰਪੀ ਬਾਜ਼ਾਰ ’ਚ ਐਕਸਪੋਰਟ ਕਰਨ ਨਾਲ ਕੰਪਨੀ ਦੇ ਭਾਰਤ ਨੂੰ ਐਕਸਪੋਰਟ ਹੱਬ ਬਣਾਉਣ ਦੀ ਯੋਜਨਾ ਨੂੰ ਵਿਸਥਾਰ ਮਿਲੇਗਾ।

ਇਕ ਰਿਪੋਰਟ ਅਨੁਸਾਰ ਆਈਫੋਨ ਦਾ ਨਿਰਮਾਣ ਕਰਨ ਵਾਲੀ ਕੰਪਨੀ ਵਿਸਟਰਾਨ ਕਾਰਪ ਨੇ ਬੇਂਗਲੁਰੂ ਸਥਿਤ ਕੰਪਨੀ ਦੀ ਫੈਸੀਲਿਟੀ ਨਾਲ ਯੂਰਪੀ ਬਾਜ਼ਾਰ ’ਚ ਆਈਫੋਨ-6 ਐੱਸ ਅਤੇ ਆਈਫੋਨ-7 ਐਕਸਪੋਰਟ ਕਰ ਰਿਹਾ ਹੈ। ਕਾਊਂਟਰ ਪੁਆਇੰਟ ਰਿਸਰਚ ਦੇ ਰਿਸਰਚ ਡਾਇਰੈਕਟਰ ਨੀਲ ਸ਼ਾਹ ਨੇ ਦੱਸਿਆ ਕਿ ਇਕ ਮਹੀਨੇ ’ਚ ਲਗਭਗ ਇਕ ਲੱਖ ਮੋਬਾਇਲ ਫੋਨ ਐਕਸਪੋਰਟ ਕੀਤੇ ਜਾ ਰਹੇ ਹਨ। ਯੂਰਪੀ ਬਾਜ਼ਾਰਾਂ ਨੂੰ ਇਹ ਐਕਸਪੋਰਟ ਦੀ ਪਹਿਲੀ ਖੇਪ ਕੁਝ ਮਹੀਨੇ ਪਹਿਲਾਂ ਹੀ ਭੇਜੀ ਗਈ ਹੈ।

ਉਤਪਾਦਨ ਦਾ 80 ਫ਼ੀਸਦੀ ਹੋ ਰਿਹੈ ਐਕਸਪੋਰਟ

ਜਾਣਕਾਰਾਂ ਦਾ ਦਾਅਵਾ ਹੈ ਕਿ ਬੇਂਗਲੁਰੂ ’ਚ ਬਣਨ ਵਾਲੇ ਕੁਲ ਆਈਫੋਨ ਦਾ 80 ਫ਼ੀਸਦੀ ਤੱਕ ਐਕਸਪੋਰਟ (ਬਰਾਮਦ) ਕੀਤਾ ਜਾ ਰਿਹਾ ਹੈ। ਇੱਥੇ ਇਕ ਸਾਲ ਪਹਿਲਾਂ ਆਈਫੋਨ-6 ਅਤੇ ਇਸ ਸਾਲ ਦੇ ਸ਼ੁਰੂ ’ਚ ਆਈਫੋਨ-7 ਦਾ ਉਤਪਾਦਨ ਸ਼ੁਰੂ ਕੀਤਾ ਸੀ। ਭਾਰਤ ਨੂੰ ਐਕਸਪੋਰਟ ਹੱਬ ਬਣਾਉਣ ਨਾਲ ਐਪਲ ਕੰਪਨੀ ਤੇ ਭਾਰਤ ਦੋਵਾਂ ਨੂੰ ਫਾਇਦਾ ਹੋਵੇਗਾ। ਐਪਲ ਕੰਪਨੀ ਜੋ ਹੁਣ ਤੱਕ ਚੀਨ ’ਚ ਆਪਣੇ ਉਤਪਾਦ ਤਿਆਰ ਕਰ ਕੇ ਦੁਨੀਆ ਭਰ ’ਚ ਐਕਸਪੋਰਟ ਕਰਦੀ ਹੈ, ਉਸ ਨੂੰ ਇਕ ਨਵਾਂ ਕੇਂਦਰ ਮਿਲ ਜਾਵੇਗਾ। ਉਹ ਭਾਰਤੀ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਹੀ ਦੂਜੇ ਦੇਸ਼ਾਂ ਨੂੰ ਵੀ ਇੱਥੋਂ ਆਪਣੇ ਉਤਪਾਦ ਭੇਜ ਸਕੇਗੀ। ਐਪਲ ਕੰਪਨੀ ਆਪਣੇ ਉਤਪਾਦ ਤਿਆਰ ਕਰਨ ਵਾਲੇ ਪ੍ਰਮੁੱਖ ਵੈਂਡਰਾਂ ਨੂੰ ਪਹਿਲਾਂ ਹੀ 30 ਫ਼ੀਸਦੀ ਕਾਰੋਬਾਰ ਚੀਨ ਤੋਂ ਬਾਹਰ ਟਰਾਂਸਫਰ ਕਰਨ ਨੂੰ ਕਹਿ ਚੁੱਕੀ ਹੈ।

ਚੀਨ ਅਤੇ ਅਮਰੀਕਾ ’ਚ ਟ੍ਰੇਡ ਵਾਰ ਦਾ ਫਾਇਦਾ

ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਟ੍ਰੇਡ ਵਾਰ ਕਾਰਨ ਐਪਲ ਚੀਨ ਤੋਂ ਬਾਹਰ ਆਪਣੇ ਉਤਪਾਦਨ ਯੂਨਿਟਾਂ ਨੂੰ ਸ਼ਿਫਟ ਕਰ ਰਿਹਾ ਹੈ। ਉਸ ਨੇ ਚੀਨ ’ਚ ਆਈਫੋਨ ਦਾ ਉਤਪਾਦਨ ਘੱਟ ਕਰ ਦਿੱਤਾ ਹੈ। ਐਪਲ ਭਾਰਤ ਨੂੰ ਹੁਣ ਇਕ ਬਾਜ਼ਾਰ ਦੇ ਰੂਪ ’ਚ ਨਹੀਂ, ਸਗੋਂ ਐਕਸਪੋਰਟ ਹੱਬ ਦੇ ਰੂਪ ’ਚ ਵੇਖ ਰਿਹਾ ਹੈ। ਇਸ ਕਾਰਨ ਭਾਰਤ ਨਿਵੇਸ਼ਕਾਂ ਨੂੰ ਵੀ ਆਕਰਸ਼ਿਤ ਕਰੇਗਾ।


Related News