ਨਵੇਂ ਵਾਇਰਸ ਦੇ ਹਿਲਾ ’ਤਾ ਭਾਰਤ ਦਾ ਸ਼ੇਅਰ ਬਾਜ਼ਾਰ, ਡੁੱਬੇ 10 ਲੱਖ ਕਰੋੜ
Monday, Jan 06, 2025 - 02:49 PM (IST)
ਬਿਜ਼ਨੈੱਸ ਡੈਸਕ - ਭਾਰਤ ਦਾ ਪਹਿਲਾ ਐੱਚ.ਐੱਮ.ਪੀ.ਵੀ. (ਹਿਊਮਨ ਮੇਟਾਪਨੀਓਮੋਵਾਇਰਸ) ਕੇਸ ਚੀਨ ’ਚ ਫੈਲਣ ਦੀਆਂ ਰਿਪੋਰਟਾਂ ਦੇ ਵਿਚਕਾਰ ਬੈਂਗਲੁਰੂ ’ਚ ਸਾਹਮਣੇ ਆਇਆ ਹੈ, ਜਿਸ ਨਾਲ ਸਟਾਕ ਮਾਰਕੀਟ ’ਚ ਦਹਿਸ਼ਤ ਫੈਲ ਗਈ ਹੈ। ਸੈਂਸੈਕਸ 1,100 ਤੋਂ ਵੱਧ ਅੰਕ ਡਿੱਗਿਆ ਅਤੇ ਨਿਫਟੀ ਲਗਭਗ 1.4% ਡਿੱਗ ਗਿਆ। ਇਸ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕਰੀਬ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ PSU ਬੈਂਕ, ਰੀਅਲ ਅਸਟੇਟ ਅਤੇ ਆਇਲ-ਗੈਸ ਸੈਕਟਰ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਆਫ ਬੜੌਦਾ, ਪੀਐੱਨ.ਬੀ., ਕੇਨਰਾ ਬੈਂਕ ਵਰਗੇ ਵੱਡੇ ਬੈਂਕ ਅਤੇ HDFC ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਕੋਟਕ ਮਹਿੰਦਰਾ ਬੈਂਕ ਵਰਗੀਆਂ ਵੱਡੀਆਂ ਕੰਪਨੀਆਂ ਵੀ ਭਾਰੀ ਡਿੱਗ ਗਈਆਂ ਹਨ।
ਕੋਵਿਡ ਪਿੱਛੋਂ ਇਕ ਹੋਰ ਵਾਇਰਸ
ਆਮ ਲੋਕਾਂ ਅਤੇ ਸ਼ੇਅਰ ਬਾਜ਼ਾਰ ’ਚੋਂ ਕੋਵਿਡ-19 ਦਾ ਡਰ ਉਦੋਂ ਖ਼ਤਮ ਹੀ ਹੋਇਆ ਸੀ ਜਦੋਂ ਚੀਨ ਤੋਂ ਇਕ ਹੋਰ ਵਾਇਰਸ ਆਇਆ। ਕਰਨਾਟਕ ਦੇ ਬੈਂਗਲੁਰੂ ਸ਼ਹਿਰ 'ਚ ਦੋ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦੇ ਮੁੱਖ ਸੂਚਕਅੰਕ ਸੈਂਸੈਕਸ 'ਚ 1,100 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਇਹ ਸੂਚਕਅੰਕ ਹੇਠਾਂ 77,959.95 ਅੰਕ 'ਤੇ ਆ ਗਿਆ ਹੈ, ਜਦਕਿ ਅੱਜ ਸਵੇਰੇ ਇਹ 79,281.65 ਅੰਕਾਂ 'ਤੇ ਮਾਮੂਲੀ ਵਾਧੇ ਨਾਲ ਖੁੱਲ੍ਹਿਆ ਸੀ।
ਉਥੇ ਹੀ ਸ਼ੁੱਕਰਵਾਰ ਨੂੰ ਸੈਂਸੈਕਸ 700 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ 79,223.11 'ਤੇ ਬੰਦ ਹੋਇਆ। ਇਸ ਦਾ ਮਤਲਬ ਹੈ ਕਿ ਸੈਂਸੈਕਸ 'ਚ ਲਗਾਤਾਰ ਦੋ ਕਾਰੋਬਾਰੀ ਦਿਨਾਂ 'ਚ 1,983.76 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਵੀਰਵਾਰ ਨੂੰ ਸੈਂਸੈਕਸ ਚੰਗੀ ਤੇਜ਼ੀ ਨਾਲ 79,943.71 ਅੰਕ 'ਤੇ ਬੰਦ ਹੋਇਆ।
ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦੇ ਮੁੱਖ ਸੂਚਕ ਅੰਕ ਨਿਫਟੀ 'ਚ ਵੀ ਕਰੀਬ ਡੇਢ ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕਾਰੋਬਾਰੀ ਸੈਸ਼ਨ ਦੌਰਾਨ ਨਿਫਟੀ 403.25 ਅੰਕਾਂ ਦੀ ਗਿਰਾਵਟ ਨਾਲ 23,601.50 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਨਿਫਟੀ 24004.75 ਅੰਕ ਦੀ ਗਿਰਾਵਟ ਨਾਲ ਬੰਦ ਹੋਇਆ। ਹਾਲਾਂਕਿ ਨਿਫਟੀ 'ਚ ਲਗਾਤਾਰ ਦੋ ਕਾਰੋਬਾਰੀ ਸੈਸ਼ਨਾਂ 'ਚ 587.15 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਵੀਰਵਾਰ ਨੂੰ ਨਿਫਟੀ 24,188.65 ਅੰਕ 'ਤੇ ਬੰਦ ਹੋਇਆ। ਹਾਲਾਂਕਿ ਸੋਮਵਾਰ ਨੂੰ ਨਿਫਟੀ ਮਾਮੂਲੀ ਵਾਧੇ ਨਾਲ 24,045.80 ਅੰਕ 'ਤੇ ਖੁੱਲ੍ਹਿਆ।
ਸ਼ੇਅਰ ਬਾਜ਼ਾਰ ਨਿਵੇਸ਼ਕਾਂ ਨੂੰ ਮੋਟਾ ਨੁਕਸਾਨ
ਇਸ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ ਸੈਂਸੈਕਸ ਦਾ ਮਾਰਕੀਟ ਕੈਪ 4,49,78,130.12 ਕਰੋੜ ਰੁਪਏ ਸੀ। ਜੋ ਵਪਾਰਕ ਸੈਸ਼ਨ ਦੌਰਾਨ ਘੱਟ ਕੇ 4,39,44,926.57 ਕਰੋੜ ਰੁਪਏ 'ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਕੁਝ ਹੀ ਘੰਟਿਆਂ 'ਚ ਨਿਵੇਸ਼ਕਾਂ ਨੂੰ 10,33,203.55 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਜੇਕਰ ਅਸੀਂ ਪਿਛਲੇ ਦੋ ਵਪਾਰਕ ਸੈਸ਼ਨਾਂ ਦੀ ਗੱਲ ਕਰੀਏ ਤਾਂ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ 11,02,419.14 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।