IMF ਨੇ ਘਟਾਇਆ ਭਾਰਤ ਦਾ GDP ਗ੍ਰੋਥ ਅਨੁਮਾਨ, ਫਿਰ ਵੀ ਬਣਿਆ ਰਹੇਗਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਦੇਸ਼
Wednesday, Oct 12, 2022 - 04:06 PM (IST)
ਵਾਸ਼ਿੰਗਟਨ–ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ 2022 ਲਈ ਭਾਰਤ ਦੀ ਜੀ. ਡੀ. ਪੀ. ਵਾਧਾ ਦਰ ਦੇ ਅਨੁਮਾਨ ਨੂੰ ਘਟਾ ਕੇ 6.8 ਫੀਸਦੀ ਕਰ ਦਿੱਤਾ ਹੈ। ਉੱਥੇ ਹੀ ਆਈ. ਐੱਮ. ਐੱਫ. ਦਾ ਮੰਨਣਾ ਹੈ ਕਿ 2023 ’ਚ ਭਾਰਤ ਦੀ ਅਰਥਵਿਵਸਥਾ 6.1 ਫੀਸਦੀ ਦੀ ਦਰ ਨਾਲ ਵਧੇਗੀ। ਵਾਧਾ ਦਰ ਦਾ ਅਨੁਮਾਨ ਘਟਾਏ ਜਾਣ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੀ ਅਰਥਵਿਵਸਥਾ ਬਣਿਆ ਰਹੇਗਾ।
ਆਈ. ਐੱਮ. ਐੱਫ. ਨੇ ਕਿਹਾ ਕਿ ਦੁਨੀਆ ਦੀਆਂ 3 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਅਮਰੀਕਾ (1.6 ਫੀਸਦੀ), ਚੀਨ (3.2 ਫੀਸਦੀ) ਅਤੇ ਯੂਰੋ ਏਰੀਆ (3.1 ਫੀਸਦੀ) ਦੀ ਗ੍ਰੋਥ ਰੇਟ 2022 ’ਚ ਸੁਸਤ ਬਣੀ ਰਹੇਗੀ। ਇੰਟਰਨੈਸ਼ਨਲ ਫੰਡ ਮੁਤਾਬਕ ਕੌਮਾਂਤਰੀ ਮਹਿੰਗਾਈ ਇਸ ਸਾਲ 9.5 ਫੀਸਦੀ ਤੱਕ ਜਾ ਕੇ ਹੇਠਾਂ ਆਉਣੀ ਸ਼ੁਰੂ ਹੋਵੇਗੀ ਅਤੇ 2024 ਤੱਕ 4.1 ਫੀਸਦੀ ’ਤੇ ਆ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜੁਲਾਈ ’ਚ ਆਈ. ਐੱਮ. ਐੱਫ. ਨੇ ਅਨੁਮਾਨ ਲਗਾਇਆ ਸੀ ਕਿ 2022 ’ਚ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 7.4 ਫੀਸਦੀ ਰਹੇਗੀ। ਕੌਮਾਂਤਰੀ ਸੰਸਥਾ ਦਾ ਕਹਿਣਾ ਹੈ ਕਿ ਇਹ ਅਨੁਮਾਨ ਦੂਜੀ ਤਿਮਾਹੀ ’ਚ ਆਊਟਪੁਟ ਉਮੀਦ ਤੋਂ ਘੱਟ ਰਹਿਣ ਅਤੇ ਬਾਹਰੀ ਮੰਗ ’ਚ ਕਮਜ਼ੋਰੀ ਬਣੇ ਰਹਿਣ ਕਾਰਨ ਘਟਾਇਆ ਗਿਆ ਹੈ। ਇਸ ਤੋਂ ਪਹਿਲਾਂ ਵਿਸ਼ਵ ਬੈਂਕ ਨੇ ਵੀ 2022-23 ਲਈ ਭਾਰਤ ਦੀ ਵਾਧਾ ਦਰ ਦੇ ਅਨੁਮਾਨ ਨੂੰ 1 ਫੀਸਦੀ ਘਟਾ ਕੇ 6.5 ਫੀਸਦੀ ਕਰ ਦਿੱਤਾ ਸੀ। ਵਿਸ਼ਵ ਬੈਂਕ ਨੇ ਖਰਾਬ ਹੁੰਦੇ ਕੌਮਾਂਤਰੀ ਹਾਲਾਤਾਂ ਨੂੰ ਇਸ ਦਾ ਕਾਰਨ ਦੱਸਿਆ ਸੀ।
ਭਾਰਤ ਨੇ ਹੋਰ ਅਰਥਵਿਵਸਥਾਵਾਂ ਤੋਂ ਬਿਹਤਰ ਕੀਤਾ
ਵਿਸ਼ਵ ਬੈਂਕ ਨੇ ਗ੍ਰੋਥ ਰੇਟ ਦਾ ਅਨੁਮਾਨ ਭਾਵੇਂ ਘਟਾ ਦਿੱਤਾ ਹੋਵੇ ਪਰ ਦੱਖਣੀ ਏਸ਼ੀਆ ’ਚ ਉਸ ਦੇ ਮੁੱਖ ਅਰਥਸ਼ਾਸਤਰੀ ਹਾਂਸ ਟਿਮਰ ਨੇ ਕਿਹਾ ਸੀ ਕਿ ਭਾਰਤ ਨੇ ਦੱਖਣੀ ਏਸ਼ੀਆ ਦੀਆਂ ਹੋਰ ਅਰਥਵਿਵਸਥਾਵਾਂ ਦੇ ਮੁਕਾਬਲੇ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਪੂਰੀ ਦੁਨੀਆ ਤੋਂ ਬਿਹਤਰ ਕਰ ਰਿਹਾ ਹੈ। ਭਾਰਤ ’ਚ ਵਿਸ਼ੇਸ਼ ਕਰ ਕੇ ਸੈਂਟਰਲ ਬੈਂਕ ਕੋਲ ਕਾਫੀ ਰਿਜ਼ਰਵ ਹੈ, ਜੋ ਕਿ ਕਾਫੀ ਮਦਦਗਾਰ ਸਾਬਤ ਹੋਵੇਗਾ। ਟਿੱਮਰ ਨੇ ਕੋਵਿਡ-19 ਸੰਕਟ ਨੂੰ ਸਰਗਰਮੀ ਨਾਲ ਸੰਭਾਲਣ ਲਈ ਵੀ ਭਾਰਤੀ ਸਰਕਾਰ ਦੀ ਸ਼ਲਾਘਾ ਕੀਤੀ ਸੀ।
ਆਈ. ਐੱਮ. ਐੱਫ. ਨੇ 2023 ਲਈ ਵਿਸ਼ਵ ਅਰਥਵਿਵਸਥਾ ਦੇ ਵਾਧੇ ਨੂੰ ਲੈ ਕੇ ਆਪਣੇ ਅਨੁਮਾਨ ਨੂੰ ਘਟਾ ਦਿੱਤਾ ਹੈ। ਇਸ ਦੇ ਪਿੱਛੇ ਰੂਸ-ਯੂਕ੍ਰੇਨ ਜੰਗ, ਮਹਿੰਗਾਈ ਦਾ ਦਬਾਅ, ਵਧਦੀ ਵਿਆਜ ਦਰ ਅਤੇ ਕੌਮਾਂਤਰੀ ਮਹਾਮਾਰੀ ਦਾ ਪ੍ਰਭਾਵ ਜਾਰੀ ਰਹਿਣਾ ਸਮੇਤ ਹੋਰ ਕਾਰਣ ਹਨ। ਆਈ. ਐੱਮ. ਐੱਫ. ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ਦੀ ਵਾਧਾ ਦਰ ਅਗਲੇ ਸਾਲ ਸਿਰਫ 2.7 ਫੀਸਦੀ ਰਹੇਗੀ ਜਦ ਕਿ ਜੁਲਾਈ ’ਚ ਇਸ ਦੇ 2.9 ਫੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਹਾਲਾਂਕਿ ਆਈ. ਐੱਮ. ਐੱਫ. ਨੇ ਇਸ ਸਾਲ ਲਈ ਕੌਮਾਂਤਰੀ ਵਾਧਾ ਦਰ ਦੇ ਅਨੁਮਾਨ ਨੂੰ 3.2 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਪਿਛਲੇ ਸਾਲ ਵਾਧਾ ਦਰ 6 ਫੀਸਦੀ ਰਹੀ ਸੀ। ਆਈ. ਐੱਮ. ਐੱਫ. ਦਾ ਅਨੁਮਾਨ ਹੈ ਕਿ ਦੁਨੀਆ ਭਰ ’ਚ ਖਪਤਕਾਰ ਮੁੱਲ ’ਚ ਇਸ ਸਾਲ 8.8 ਫੀਸਦੀ ਦਾ ਵਾਧਾ ਹੋਵੇਗਾ ਜੋ 2021 ’ਚ 4.7 ਫੀਸਦੀ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।