ਵੱਡੀ ਵਾਰਦਾਤ! ਪਹਿਲਾਂ ਇਕੱਠੇ ਦੋਸਤਾਂ ਨੇ ਕੀਤੀ ਪਾਰਟੀ, ਫਿਰ ਸੁੱਤੇ ਪਏ ਦੋਸਤ ਦਾ ਗੋਲ਼ੀ ਮਾਰ ਕਰ 'ਤਾ ਕਤਲ
Monday, Oct 06, 2025 - 12:30 PM (IST)

ਖਰੜ (ਰਣਬੀਰ)- ਖਰੜ ਵਿਖੇ ਦਿਲ-ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਹਿਮਾਚਲ ਤੋਂ ਕੰਪਿਊਟਰ ਕੋਚਿੰਗ ਲੈਣ ਆਏ 19 ਸਾਲਾ ਨੌਜਵਾਨ ਦਾ ਉਸ ਦੇ ਦੋਸਤ ਵੱਲੋਂ ਗੋਲ਼ੀ ਮਾਰ ਕੇ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸ਼ਿਵਾਂਗ ਰਾਣਾ ਵਾਸੀ ਪਿੰਡ ਦਿਆੜਾ ਥਾਣਾ ਅੰਬ ਜ਼ਿਲ੍ਹਾ ਊਨਾ (ਹਿਮਾਚਲ) ਵਜੋਂ ਹੋਈ ਹੈ। ਥਾਣਾ ਸਿਟੀ ਪੁਲਸ ਨੇ ਮ੍ਰਿਤਕ ਦੀ ਮਾਤਾ ਰੰਜਨਾ ਦੇ ਬਿਆਨਾਂ ’ਤੇ ਆਧਾਰ 'ਤੇ ਮ੍ਰਿਤਕ ਨੌਜਵਾਨ ਦੇ ਹੀ ਦੋਸਤ ਦੱਸੇ ਜਾ ਰਹੇ ਹਰਵਿੰਦਰ ਉਰਫ਼ ਹੈਰੀ ਵਾਸੀ ਪਿੰਡ ਬਰਨੇਹ ਜ਼ਿਲ੍ਹਾ ਊਨਾ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 103, ਆਰਮਜ਼ ਐਕਟ 25 ਤਹਿਤ ਮਾਮਲਾ ਦਰਜ ਕਰ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੁਲਜ਼ਮ ਨੂੰ ਕਾਬੂ ਕਰਨ, ਕਤਲ ਦੀ ਅਸਲੀ ਵਜ੍ਹਾ, ਕਾਤਲ ਇਕ ਜਾਂ ਇਕ ਤੋਂ ਵਧ ਨੇ ਸਣੇ ਅਸਲਾ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਮਸ਼ਹੂਰ ਗਾਇਕ ਦੀ ਮੌਤ, ਛਾਈ ਸੋਗ ਦੀ ਲਹਿਰ
ਕਿਸੇ ਗੱਲ ਨੂੰ ਲੈ ਕੇ ਸ਼ਿਵਾਂਗ ਤੇ ਹਰਵਿੰਦਰ ਵਿਚਾਲੇ ਹੋਈ ਸੀ ਅਣਬਣ
ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਮਾਂ ਰੰਜਨਾ ਆਸ਼ਾ ਵਰਕਰ ਵਜੋਂ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਦੋ ਲੜਕੇ ਸਨ, ਜਿਨ੍ਹਾਂ ’ਚੋਂ ਉਸ ਦਾ ਵੱਡਾ ਲੜਕਾ ਸ਼ਿਵਾਂਗ ਅਤੇ ਛੋਟਾ ਦੇਵਾਂਗ ਰਾਣਾ (14) ਸਾਲ ਦਾ ਹੈ। ਵੱਡਾ ਲੜਕਾ ਸਰਕਾਰੀ ਕਾਲਜ ਊਨਾ ਤੋਂ ਬੀ. ਸੀ. ਏ. ਦੀ ਪੜ੍ਹਾਈ ਕਰ ਰਿਹਾ ਸੀ, ਜੋ ਜੂਨ ’ਚ ਖਰੜ ਵਿਖੇ ਕੰਪਿਊਟਰ ਕੋਚਿੰਗ ਲਈ ਆਇਆ ਸੀ। ਸ਼ੁਰੂ ’ਚ ਉਹ ਆਪਣੇ ਦੋਸਤ ਹਰਵਿੰਦਰ ਨਾਲ ਗੋਲਡਨ ਸਿਟੀ ਖਰੜ ’ਚ ਰਹਿ ਰਿਹਾ ਸੀ। ਕੁਝ ਸਮਾਂ ਪਹਿਲਾਂ ਸ਼ਿਵਾਂਗ ਅਤੇ ਹਰਵਿੰਦਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਅਣਬਣ ਹੋਣ ਕਾਰਨ ਸ਼ਿਵਾਂਗ ਸੈਕਟਰ-15 ਚੰਡੀਗੜ੍ਹ ’ਚ ਰਹਿਣ ਲੱਗ ਪਿਆ ਸੀ। ਰੰਜਨਾ ਮੁਤਾਬਕ ਸ਼ਿਵਾਂਗ ਬੀਤੇ 22 ਸਤੰਬਰ ਤੋਂ ਪਿੰਡ ਆਇਆ ਸੀ ਅਤੇ ਸ਼ਨੀਵਾਰ ਸ਼ਾਮ ਕਰੀਬ 5:30 ਵਜੇ ਪਿੰਡ ਤੋਂ ਖਰੜ ਲਈ ਨਿਕਲਿਆ ਸੀ। ਰਾਤ 8 ਵਜੇ ਉਸ ਨਾਲ ਉਸ ਦੀ ਆਖ਼ਰੀ ਵਾਰ ਗੱਲ ਉਦੋਂ ਹੋਈ ਜਦੋਂ ਰੰਜਨਾ ਦੇ ਪੁੱਛੇ ਜਾਣ 'ਤੇ ਕਿ ਉਹ ਕਿੱਥੇ ਪੁੱਜ ਗਿਆ ਹੈ, ਉਸ ਨੇ ਦੱਸਿਆ ਸੀ ਕਿ ਉਹ ਖਰੜ ਪੁੱਜਣ ਵਾਲਾ ਹੈ, ਕਿਉਂਕਿ ਉਸ ਦੇ ਫੋਨ ਦੀ ਬੈਟਰੀ ਖ਼ਤਮ ਹੋ ਰਹੀ ਹੈ, ਇਸ ਲਈ ਉਹ ਹਾਲੇ ਜ਼ਿਆਦਾ ਗੱਲ ਨਹੀਂ ਕਰ ਸਕਦਾ। ਇਸ ਪਿੱਛੋਂ ਉਸ ਦਾ ਫੋਨ ਸਵਿੱਚ ਆਫ਼ ਆਉਣ ਲੱਗਾ ਪਰ ਐਤਵਾਰ ਸਵੇਰੇ ਕਰੀਬ 9 ਵਜੇ ਉਸ ਨੂੰ ਖਰੜ ਪੁਲਸ ਨੇ ਫੋਨ ਕੀਤਾ ਕਿ ਉਸ ਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ। ਇਸ ਲਈ ਉਨ੍ਹਾਂ ਨੂੰ ਖਰੜ ਪੁੱਜਣ ਲਈ ਕਿਹਾ ਗਿਆ ਪਰ ਜਦੋਂ ਉਹ ਖਰੜ ਪਹੁੰਚੇ ਤਾਂ ਸਚ ਸਾਹਮਣੇ ਆਇਆ ਕਿ ਉਸ ਦੇ ਪੁੱਤਰ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਮਿਲੇਗੀ ਵੱਡੀ ਰਾਹਤ! ਨਵੇਂ ਪੁਲ ਦਾ ਮੰਤਰੀ ਅਰੋੜਾ ਨੇ ਕੀਤਾ ਉਦਘਾਟਨ
ਤੜਕੇ ਤਿੰਨ ਵਜੇ ਭੁੱਖ ਲੱਗਣ ’ਤੇ ਬਣਾਈ ਸੀ ਮੈਗੀ, ਫਿਰ ਸੌਣ ਚਲੇ ਗਏ
ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਉਹ ਸਾਰੇ ਸਵਿੱਫਟ ਰਾਹੀਂ ਖਰੜ ਪੁੱਜੇ ਸਨ। ਸਭ ਨੇ ਮਿਲ ਕੇ ਸਲਾਹ ਕੀਤੀ ਕਿ ਸ਼ਿਵਾਗ ਦੇ ਕਿਸੇ ਜਾਣਕਾਰ ਦੇ ਵਿਲਾ ਪਲਾਸਿਓ ਨੰਬਰ 94 ਖਾਲੀ ਫਲੈਟ ਵਿਖੇ ਰੁਕਣ ਦੀ ਸਲਾਹ ਕੀਤੀ। ਫਲੈਟ ਪਾਲਮਪੁਰ ਤੋਂ ਫ਼ੌਜ ਨਾਲ ਸਬੰਧਤ ਵਿਅਕਤੀ ਦਾ ਦੱਸਿਆ ਜਾ ਰਿਹਾ ਹੈ। ਰਾਤ ਕਰੀਬ 10 ਵਜੇ ਉਨ੍ਹਾਂ 8-10 ਜਣਿਆਂ ਨੇ ਇਕੱਠੇ ਹੋ ਕੇ ਦੇਰ ਰਾਤ ਪਾਰਟੀ 'ਤੇ ਡਰਿੰਕ ਵੀ ਕੀਤੀ। ਇਸੇ ਦਰਮਿਆਨ ਰਾਤੀ ਕਰੀਬ ਇਕ ਵਜੇ ਹੈਰੀ ਅਚਾਨਕ ਕਿਧਰੇ ਚਲਾ ਗਿਆ ਅਤੇ ਇਕ ਘੰਟੇ ਬਾਅਦ ਜਦੋਂ ਪਰਤਿਆ ਤਾਂ ਉਸ ਕੋਲ ਪਿਸਤੌਲ ਸੀ, ਜੋ ਉਸ ਨੇ ਬਾਕੀ ਦੋਸਤਾਂ ਨੂੰ ਵੀ ਵਿਖਾਈ। ਇਸ ਪਿੱਛੋਂ ਉਸ ਨੇ ਉਸ ਨੂੰ ਬੈਗ ’ਚ ਰੱਖ ਲਿਆ। ਤੜਕੇ ਤਿੰਨ ਵਜੇ ਭੁੱਖ ਲੱਗਣ ’ਤੇ ਉਨ੍ਹਾਂ ਮੈਗੀ ਬਣਾਈ ਅਤੇ ਖਾਣ-ਪੀਣ ਤੋਂ ਬਾਅਦ ਸੌਣ ਚਲੇ ਗਏ। ਇਸ ਦੌਰਾਨ ਹੈਰੀ ਨੇ ਉਸੇ ਪਿਸਤੌਲ ਨਾਲ ਤੜਕੇ ਕਰੀਬ ਸਵਾ 5 ਵਜੇ ਸੁੱਤੇ ਪਏ ਸ਼ਿਵਾਂਗ ਦੀ ਪੁੜਪੜੀ ’ਚ ਗੋਲ਼ੀ ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਮੌਕੇ ਤੋਂ ਫ਼ਰਾਰ ਹੋ ਗਿਆ। ਗੋਲ਼ੀ ਦੀ ਆਵਾਜ਼ ਸੁਣ ਕੇ ਹੋਰ ਦੋਸਤ ਕਮਰੇ ’ਚ ਆਏ ਤਾਂ ਸ਼ਿਵਾਂਗ ਖ਼ੂਨ ਨਾਲ ਲਥਪਥ ਬੈੱਡ ’ਤੇ ਪਿਆ ਸੀ। ਉਸ ਨੂੰ ਫੌਰਨ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਮਸਕਟ 'ਚ ਫਸੀ ਪੰਜਾਬੀ ਕੁੜੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀ ਘਰ, ਸੁਣਾਈ ਦਰਦਭਰੀ ਦਾਸਤਾਨ
ਮੁਲਜ਼ਮ ਦੀ ਭਾਲ ’ਚ ਗਠਿਤ ਕੀਤੀਆਂ ਵਿਸ਼ੇਸ਼ ਟੀਮਾਂ : ਜਾਂਚ ਅਫ਼ਸਰ
ਜਾਂਚ ਅਫ਼ਸਰ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਹੈਰੀ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸੌਮਵਾਰ ਨੂੰ ਫੌਰੈਂਸਿਕ ਮਾਹਰਾਂ ਦੀ ਮੌਜ਼ੂਦਗੀ ’ਚ ਤਿੰਨ ਮੈਂਬਰੀ ਡਾਕਟਰੀ ਬੋਰਡ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ Alert ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8