ਅੰਮ੍ਰਿਤਸਰ 'ਚ ਫਿਰ ਤੋਂ ‘ਬਲੈਕ’ ਹੋਣਗੇ ਪਟਾਕਿਆਂ ਦੇ ਖੋਖੇ! 1 ਅਕਤੂਬਰ ਨੂੰ...
Tuesday, Sep 30, 2025 - 01:41 PM (IST)

ਅੰਮ੍ਰਿਤਸਰ(ਨੀਰਜ)- ਦੀਵਾਲੀ ਦੇ ਤਿਉਹਾਰ ’ਤੇ ਪਟਾਕਿਆਂ ਦੇ ਪੱਕੇ ਖੋਖੇ ਲਗਾਉਣ ਲਈ ਲੋਕਾਂ ਨੇ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਜ਼ਿਲਾ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਇਸ ਵਾਰ ਵੀ ਪਟਾਕਿਆਂ ਦੇ ਖੋਖੇ ਬਲੈਕ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜ਼ਿਲੇ ਵਿਚ ਵਿਸਫੋਟਕ ਵਿਭਾਗ ਨੇ 29 ਲੋਕਾਂ ਨੂੰ ਪਟਾਕੇ ਬਣਾਉਣ ਅਤੇ ਵੇਚਣ ਲਈ ਪੱਕੇ ਲਾਇਸੈਂਸ ਜਾਰੀ ਕੀਤੇ ਹਨ। ਲਗਭਗ ਇਕ ਦਰਜਨ ਲਾਇਸੈਂਸੀ ਪਟਾਕਾ ਕਾਰੋਬਾਰੀ ਹੋਰ ਜ਼ਿਲ੍ਹਿਆਂ ਵਿਚ ਵੀ ਸ਼ਿਫਟ ਹੋ ਚੁੱਕੇ ਹਨ ਪਰ ਰੈੱਡ ਕਰਾਸ ਦਫਤਰ ਵਿਚ ਸੋਮਵਾਰ ਸ਼ਾਮ ਤੱਕ 549 ਲੋਕਾਂ ਨੇ ਖੋਖਿਆਂ ਦੇ ਅਰਜ਼ੀਆਂ ਲਈ ਪਰਚੀਆਂ ਕਟਵਾਈਆਂ ਹਨ। ਰੈੱਡ ਕਰਾਸ ਨੂੰ ਇਸ ਨਾਲ ਲਗਭਗ 11 ਲੱਖ ਰੁਪਏ ਦਾ ਦਾਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਮਿਲ ਚੁੱਕਾ ਹੈ, ਕਿਉਂਕਿ ਪ੍ਰਤੀ ਪਰਚੀ 2 ਹਜ਼ਾਰ ਰੁਪਏ ਫੀਸ ਰੱਖੀ ਗਈ ਹੈ ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਿਰਕਾਰ ਸੈਂਕੜਿਆਂ ਦੀ ਗਿਣਤੀ ਵਿਚ ਅਰਜ਼ੀਆਂ ਕੌਣ ਜਮ੍ਹਾ ਕਰਵਾ ਰਿਹਾ ਹੈ? ਸੂਤਰਾਂ ਅਨੁਸਾਰ ਇਸ ਵਾਰ ਵੀ ਉਹ ਲੋਕ ਜਿਨ੍ਹਾਂ ਦਾ ਪਟਾਕਿਆਂ ਦੇ ਕਾਰੋਬਾਰ ਨਾਲ ਕੋਈ ਸਬੰਧ ਨਹੀਂ ਹੈ, ਪਟਾਕਿਆਂ ਦੇ ਖੋਖਿਆਂ ਲਈ ਅਰਜ਼ੀਆਂ ਜਮ੍ਹਾ ਕਰ ਰਹੇ ਹਨ।
ਇਹ ਵੀ ਪੜ੍ਹੋ- ਕੇਂਦਰੀ ਰਾਜ ਮੰਤਰੀ ਅਜੈ ਟਮਟਾ ਪਹੁੰਚੇ ਅੰਮ੍ਰਿਤਸਰ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ
ਇਕ ਹੋਟਲ ਮਾਲਕ ਨੇ ਕਟਵਾਈਆਂ 55 ਪਰਚੀਆਂ
ਇਕ ਹੋਟਲ ਮਾਲਕ ਜਿਸ ਦਾ ਪਟਾਕਿਆਂ ਦੇ ਕਾਰੋਬਾਰ ਨਾਲ ਕੋਈ ਸਬੰਧ ਨਹੀਂ ਹੈ, ਨੇ ਜਾਣ-ਪਛਾਣ ਵਾਲਿਆਂ ਰਾਹੀਂ 55 ਪਰਚੀਆਂ ਕਟਵਾਈਆਂ ਹਨ ਤਾਂ ਜੋ ਡਰਾਅ ਦੌਰਾਨ ਉਸ ਦੇ ਖੋਖੇ ਕੱਢੇ ਜਾਣ ਅਤੇ ਉਹ ਆਸਾਨੀ ਨਾਲ ਉਨ੍ਹਾਂ ਖੋਖਿਆਂ ਦੀ ਬਲੈਕ ਕਰ ਸਕੇ ਪਰ ਬਲੈਕ ਹੋਣ ਨਾਲ ਆਮ ਲੋਕਾਂ ਨੂੰ ਮਹਿੰਗੇ ਭਾਅ ’ਤੇ ਪਟਾਕੇ ਖਰੀਣਦੇ ਪੈਂਦੇ ਹਨ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ।
ਇਹ ਵੀ ਪੜ੍ਹੋ- ਸਕੂਲ ਤੋਂ ਪੇਪਰ ਦੇਣ ਮਗਰੋਂ ਘਰ ਆ ਰਹੀਆਂ 3 ਕੁੜੀਆਂ ਸ਼ੱਕੀ ਹਾਲਾਤ ’ਚ ਲਾਪਤਾ, ਪਰਿਵਾਰ ਤੇ ਪੁਲਸ ਹੈਰਾਨ
ਪਿਛਲੇ ਸਾਲ 2 ਹਜ਼ਾਰ ਤੋਂ ਵੱਧ ਆਈਆਂ ਸਨ ਅਰਜ਼ੀਆਂ
ਪਟਾਕਿਆਂ ਦੇ ਖੋਖਿਆਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ 2000 ਤੋਂ ਵੱਧ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਪਟਾਕਿਆਂ ਦੇ ਖੋਖਿਆਂ ਲਈ ਅਰਜ਼ੀਆਂ ਦਿੱਤੀਆਂ ਸਨ। ਫੀਸ ਸਿਰਫ 100 ਸੀ ਅਤੇ ਬਲੈਕ ਕਰਨ ਵਾਲਿਆਂ ਨੇ ਆਪਣੇ ਜਾਣ-ਪਛਾਣ ਵਾਲਿਆਂ ਰਾਹੀਂ ਸੈਂਕੜੇ ਪਰਚੀਆਂ ਪਾਈਆਂ ਸਨ ਪਰ ਇਸ ਵਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰੱਖੀ ਗਈ 2000 ਫੀਸ ਦੇ ਕਾਰਨ ਲਗਭਗ 700 ਪਰਚੀਆਂ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਅਕਤੂਬਰ ਮਹੀਨੇ 'ਚ ਸ਼ੁਰੂ...
ਜਿਸ ਦੇ ਨਾਮ ਨਾਲ ਖੋਖਾ ਨਿਕਲੇ, ਉਹ ਖੋਖਿਆਂ ’ਤੇ ਹਾਜ਼ਰ ਹੋ ਕੇ ਵਿਕਰੀ ਕਰਨ
ਅੰਮ੍ਰਿਤਸਰ ਫਾਇਰ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਵਲੋਂ ਡੀ. ਸੀ. ਸਾਕਸ਼ੀ ਸਾਹਨੀ ਨੂੰ ਇਕ ਲਿਖਤੀ ਸ਼ਿਕਾਇਤ ਪਹਿਲਾਂ ਹੀ ਸੌਂਪੀ ਜਾ ਚੁੱਕੀ ਹੈ, ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਪਟਾਕਿਆਂ ਦੀ ਬਲੈਕ ਨੂੰ ਰੋਕਿਆ ਜਾਵੇ, ਜਿਸ ਵਿਅਕਤੀ ਦਾ ਨਾਮ ਲੱਕੀ ਡਰਾਅ ਵਿੱਚ ਕੱਢਿਆ ਗਿਆ ਹੈ, ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਪਹਿਲਾਂ ਪਟਾਕਿਆਂ ਦੇ ਵਪਾਰ ਵਿੱਚ ਸ਼ਾਮਲ ਰਹੇ ਹਨ ਜਾਂ ਸਿਰਫ਼ ਬਲੈਕ ਕਰਨ ਲਈ ਪਰਚੀਆਂ ਪਾ ਰਹੇ ਹਨ। ਇਸ ਤੋਂ ਇਲਾਵਾ ਸਿਰਫ਼ ਉਹੀ ਵਿਅਕਤੀ ਜਿਸ ਦਾ ਨਾਮ ਲੱਕੀ ਡਰਾਅ ਵਿੱਚ ਕੱਢਿਆ ਗਿਆ ਹੈ, ਉਸ ਨੂੰ ਖੋਖੇ ’ਤੇ ਬੈਠਣ ਅਤੇ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਕੋਲ ਜੀ. ਐੱਸ. ਟੀ ਨੰਬਰ ਵੀ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਗੋਲੀਆਂ ਨਾਲ ਭੁੰਨ'ਤਾ ਬਿਜਲੀ ਬੋਰਡ 'ਚ ਨੌਕਰੀ ਕਰਦਾ ਨੌਜਵਾਨ
ਪਟਾਕਾ ਵਪਾਰੀਆਂ ਨੂੰ ਪ੍ਰਸ਼ਾਸਨ ਨੇ ਨਹੀਂ ਦਿੱਤੀ ਸਥਾਈ ਮਾਰਕੀਟ
ਪਟਾਕਿਆਂ ਦੇ ਮੁੱਦੇ ਬਾਰੇ ਵਪਾਰੀਆਂ ਵਲੋਂ ਸਮੇਂ-ਸਮੇਂ ’ਤੇ ਮਾਣਯੋਗ ਹਾਈਕੋਰਟ ਵਿਚ ਸਥਾਈ ਮਾਰਕੀਟ ਦੀ ਮੰਗ ਕਰਦੇ ਹੋਏ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਅਦਾਲਤ ਨੇ ਇਕ ਵਾਰ ਪ੍ਰਸ਼ਾਸਨ ਨੂੰ ਇੱਕ ਸਥਾਈ ਮਾਰਕੀਟ ਪ੍ਰਦਾਨ ਕਰਨ ਦਾ ਆਦੇਸ਼ ਵੀ ਦਿੱਤਾ ਸੀ। ਇਸ ਲਈ ਵੱਲਾ ਪਸ਼ੂ ਮੰਡੀ ਦੇ ਨੇੜੇ ਦੀਆਂ ਥਾਵਾਂ ਅਤੇ ਕਈ ਹੋਰ ਥਾਵਾਂ ’ਤੇ ਵੀ ਵਿਚਾਰ ਕੀਤਾ ਗਿਆ। ਡੀ. ਸੀ. ਰਵੀ ਭਗਤ ਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਹਾਲਾਂਕਿ, ਇਸ ਨੂੰ ਇੱਕ ਆਸਾਨ ਕੰਮ ਸਮਝਦੇ ਹੋਏ ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ 10 ਖੋਖਿਆਂ ਲਈ ਅਸਥਾਈ ਲਾਇਸੈਂਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ।
2 ਮਹੀਨੇ ਪਹਿਲਾਂ ਸੱਜ ਜਾਂਦੀ ਸੀ ਮਾਰਕੀਟ, ਹੁਣ ਸਿਰਫ ਦੋ ਦਿਨ
ਪਟਾਕਾ ਮਾਰਕੀਟ ਦੀ ਗੱਲ ਕਰੀਏ ਤਾਂ ਪਹਿਲਾਂ ਜਹਾਜ਼ਗੜ੍ਹ ਮਾਰਕੀਟ ਵਿਚ ਦੀਵਾਲੀ ਤੋਂ ਦੋ ਮਹੀਨੇ ਪਹਿਲਾਂ ਤੋਂ ਹੀ ਮਾਰਕੀਟ ਸੱਜ ਜਾਂਦੀ ਸੀ। ਵਪਾਰੀ ਭਾਰੀ ਟੈਕਸ ਅਦਾ ਕਰ ਕੇ ਸ਼ਿਵਾਕਾਸ਼ੀ ਪਟਾਕੇ ਖਰੀਦਦੇ ਅਤੇ ਵੇਚਦੇ ਸਨ। ਹਾਲਾਂਕਿ ਅੱਜ ਇਹ ਮਾਰਕੀਟ ਨਿਊ ਅੰਮ੍ਰਿਤਸਰ ਜਾਂ ਰਣਜੀਤ ਐਵੇਨਿਊ ਵਿਚ ਸਿਰਫ਼ ਦੋ ਦਿਨਾਂ ’ਤੇ ਲਗਾਈ ਜਾਂਦੀ ਹੈ ਅਤੇ ਖੋਖੇ ਬਲੈਕ ਹੁੰਦੇ ਹਨ ਅਤੇ ਆਮ ਲੋਕਾਂ ਦਾ ਆਰਥਿਕ ਸੋਸ਼ਨ ਹੁੰਦਾ ਹੈ, ਕਿਉਕਿ ਇੱਕ ਤਾਂ ਬਲੈਕ ਦੀ ਕੀਮਤ ਪੂਰੀ ਕਰਨੀ ਹੈ, ਉਪਰੋ ਖੋਖੇ ਬਣਾਉਣ ਅਤੇ ਹੋਰ ਫੀਸ ਘੱਟੋ-ਘੱਟ ਇੱਕ ਲੱਖ ਰੁਪਏ ਵਿਚ ਬਣਦੀ ਹੈ, ਜਿੰਨਾਂ ਨੂੰ ਨਗਰ ਸੁਧਾਰ ਟਰੱਸਟ ਅਤੇ ਡੀ. ਸੀ. ਪੀ ਦਫ਼ਤਰ ਵਿਚ ਭਰਨਾ ਪੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8