ਜਿਊਲਰ ਨੂੰ ਗੋਲੀ ਮਾਰਨ ਵਾਲਾ ਹਵਾਲਾਤੀ ਸਿਵਲ ਹਸਪਤਾਲ ਤੋਂ ਫ਼ਰਾਰ
Wednesday, Oct 01, 2025 - 11:03 AM (IST)

ਫਿਰੋਜ਼ਪੁਰ (ਕੁਮਾਰ) : ਇਕ ਜਿਊਲਰ ਨੂੰ ਗੋਲੀ ਮਾਰਨ ਵਾਲਾ ਹਵਾਲਾਤੀ ਬੀਤੀ ਦੇਰ ਰਾਤ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ, ਜਿਸ ਨੂੰ ਫੜ੍ਹਨ ਲਈ ਪੁਲਸ ਵੱਲੋਂ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਡੀ. ਐੱਸ. ਪੀ. (ਸਿਟੀ) ਫਿਰੋਜ਼ਪੁਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਵਾਲਾਤੀ ਹਰਜੀਤ ਥੋੜ੍ਹਾ ਬੀਮਾਰ ਸੀ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ, ਫਿਰੋਜ਼ਪੁਰ ਦੇ ਕੈਦੀ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਸੀ, ਜੋ ਦੇਰ ਰਾਤ ਹਨ੍ਹੇਰੇ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ਼ ਅਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਸਮੇਤ ਚਾਰ ਟੀਮਾਂ ਉਸ ਨੂੰ ਫੜ੍ਹਨ ਲਈ ਜੁੱਟੀਆਂ ਹੋਈਆਂ ਹਨ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਹੋਰ ਥਾਵਾਂ ’ਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਜੇਕਰ ਇਸ ਕੈਦੀ ਦੇ ਭੱਜਣ ’ਚ ਕੋਈ ਗਾਰਡ ਕਰਮਚਾਰੀ ਸ਼ਾਮਲ ਪਾਇਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਜਦੋਂ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਖਿਲ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਹਰਜੀਤ ਨਾਂ ਦੇ ਇਕ ਹਵਾਲਾਤੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੇ ਪੈਰ ਦੀਆਂ ਦੋਵੇਂ ਹੱਡੀਆਂ ਗੋਲੀ ਲੱਗਣ ਕਾਰਨ ਟੁੱਟੀਆਂ ਹੋਈਆਂ ਸਨ ਅਤੇ ਉਸ ਦਾ ਆਪਰੇਸ਼ਨ ਕਰ ਕੇ ਪਲੇਟਿੰਗ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਹਵਲਾਤੀ ਬੀਤੀ ਦੇਰ ਰਾਤ ਹਸਪਤਾਲ ਤੋਂ ਫ਼ਰਾਰ ਹੋ ਗਿਆ।