ਭਾਰਤ ''ਚ IKEA ਦੀ ਦਸਤਕ, ਜੁਲਾਈ ''ਚ ਖੋਲ੍ਹੇਗੀ ਪਹਿਲਾ ਸਟੋਰ

Wednesday, Jun 13, 2018 - 03:20 PM (IST)

ਭਾਰਤ ''ਚ IKEA ਦੀ ਦਸਤਕ, ਜੁਲਾਈ ''ਚ ਖੋਲ੍ਹੇਗੀ ਪਹਿਲਾ ਸਟੋਰ

ਹੈਦਰਾਬਾਦ— ਸਵੀਡਨ ਦੀ ਦਿੱਗਜ ਫਰਨੀਚਰ ਕੰਪਨੀ ਆਈਕੀਆ ਭਾਰਤ 'ਚ ਅਗਲੇ ਮਹੀਨੇ ਆਪਣਾ ਪਹਿਲਾ ਸਟੋਰ ਖੋਲ੍ਹਣ ਜਾ ਰਹੀ ਹੈ। ਕੰਪਨੀ ਇਸ ਦਾ ਉਦਘਾਟਨ 10 ਜੁਲਾਈ ਨੂੰ ਕਰ ਸਕਦੀ ਹੈ। ਇਸ ਫਰਨੀਚਰ ਕੰਪਨੀ ਦੀ ਯੋਜਨਾ ਭਾਰਤ ਦੇ ਹਰ ਸੂਬੇ ਤਕ ਪਹੁੰਚ ਵਧਾਉਣ ਦੀ ਹੈ। ਰਿਪੋਰਟਾਂ ਮੁਤਾਬਕ ਹੈਦਰਾਬਾਦ 'ਚ ਸਟੋਰ ਖੋਲ੍ਹਣ ਦੇ ਇਕ ਸਾਲ ਬਾਅਦ ਕੰਪਨੀ 2019 'ਚ ਮੁੰਬਈ 'ਚ ਦੂਜਾ ਸਟੋਰ ਖੋਲ੍ਹੇਗੀ। ਇਸ ਦੇ ਬਾਅਦ ਬੇਂਗਲੁਰੂ ਅਤੇ ਨਵੀਂ ਦਿੱਲੀ ਦੇ ਰਾਜਧਾਨੀ ਖੇਤਰ ਤਕ ਆਪਣਾ ਵਿਸਥਾਰ ਕਰੇਗੀ। ਆਈਕੀਆ ਬਣੇ-ਬਣਾਏ ਫਰਨੀਚਰ, ਰਸੋਈ ਦੇ ਸਾਮਾਨ ਅਤੇ ਘਰਾਂ ਦੇ ਹੋਰ ਸਮਾਨ ਵੇਚਣ ਵਾਲੀ ਕੰਪਨੀ ਹੈ। ਇਸ ਦੀ ਸਥਾਪਨਾ 1943 'ਚ ਸਵੀਡਨ 'ਚ ਹੋਈ ਸੀ।

ਆਈਕੀਆ ਹੈਦਰਾਬਾਦ ਸਟੋਰ 'ਚ ਫਰਨੀਚਰ ਤੋਂ ਲੈ ਕੇ ਖਾਣ-ਪੀਣ ਤਕ ਦਾ ਸਾਮਾਨ ਵੀ ਰੱਖੇਗੀ। ਕੰਪਨੀ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਇੱਥੇ ਖਰੀਦਦਾਰੀ ਕਰਨ ਦੌਰਾਨ ਆਪਣੇਪਣ ਦਾ ਅਹਿਸਾਸ ਹੋਵੇ। ਤਕਰੀਬਨ 4 ਲੱਖ ਵਰਗ ਫੁੱਟ 'ਚ ਫੈਲੇ ਇਸ ਸਟੋਰ 'ਚ ਇਕ ਹੀ ਛੱਤ ਥੱਲ੍ਹੇ ਖਾਣ-ਪੀਣ ਦੀਆਂ ਸਹੂਲਤਾਂ ਦੇ ਨਾਲ ਹਰ ਤਰ੍ਹਾਂ ਦੇ ਫਰਨੀਚਰ ਉਪਲੱਬਧ ਹੋਣਗੇ।
ਗਾਹਕ ਇੱਥੇ ਸਮੋਸੇ ਤੋਂ ਲੈ ਕੇ ਕਈ ਸਥਾਨਕ ਪਕਵਾਨਾਂ ਦਾ ਸਵਾਦ ਵੀ ਲੈ ਸਕਣਗੇ। ਆਈਕੀਆ ਦੇ ਵਿੱਤ ਪ੍ਰਮੁੱਖ ਜੁਵੈਂਸਿਓ ਮੈਜਟੂ ਕਹਿੰਦੇ ਹਨ, ''ਅਸੀਂ ਇਸ ਬਾਜ਼ਾਰ 'ਚ ਕਦਮ ਰੱਖਣ ਦੇ ਨਾਲ ਹੀ ਇੱਥੋਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਹੈ।'' ਉਨ੍ਹਾਂ ਨੇ ਕਿਹਾ ਕਿ ਉਦਾਹਰਣ ਦੇ ਤੌਰ 'ਤੇ ਭਾਰਤੀ ਲੋਕ ਅਜਿਹੇ ਗੱਦੇ ਪਸੰਦ ਕਰਦੇ ਹਨ ਜੋ ਅਰਾਮਦਾਇਕ ਹੋਣ ਦੇ ਨਾਲ ਟਿਕਾਊ ਵੀ ਹੋਣ। ਇਸ ਲਈ ਅਸੀਂ ਅਜਿਹੇ ਗੱਦੇ ਤਿਆਰ ਕਰ ਰਹੇ ਹਾਂ, ਜਿਨ੍ਹਾਂ 'ਚ ਨਾਰੀਅਲ ਦੇ ਰੇਸ਼ਿਆਂ ਦੀ ਵੀ ਇਕ ਪਰਤ ਹੋਵੇ ਕਿਉਂਕਿ ਇਹ ਗਰਮੀ 'ਚ ਠੰਡਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਆਈਕੀਆ ਦੇ ਆਪਣੀ ਪਸੰਦ ਦੇ ਬਣਾਏ ਗਏ ਫਰਨੀਚਰ ਕਾਫੀ ਮਸ਼ਹੂਰ ਹਨ।


Related News