ਇਫਕੋ ਨੇ ਅਰਜਨਟੀਨਾ ’ਚ ਨੈਨੋ ਯੂਰੀਆ ਪਲਾਂਟ ਲਗਾਉਣ ਲਈ ਕੀਤਾ ਸਮਝੌਤਾ
Wednesday, Jun 23, 2021 - 06:41 PM (IST)
ਨਵੀਂ ਦਿੱਲੀ (ਭਾਸ਼ਾ) – ਸਹਿਕਾਰੀ ਖੇਤਰ ਦੀ ਪ੍ਰਮੁੱਖ ਖਾਦ ਕੰਪਨੀ ਇਫਕੋ ਨੇ ਕਿਹਾ ਕਿ ਉਹ ਅਰਜਨਟੀਨਾ ’ਚ ਦੋ ਏਜੰਸੀਆਂ ਆਈ. ਐੱਨ. ਏ. ਈ. ਐੱਸ. ਅਤੇ ਕੂਪਰਰ ਨਾਲ ਸਾਂਝੇਦਾਰੀ ’ਚ ਤਰਲ ਨੈਨੋ ਯੂਰੀਆ ਨਿਰਮਾਣ ਪਲਾਂਟ ਦੀ ਸਥਾਪਨਾ ਕਰੇਗੀ।
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਫਕੋ, ਆਈ. ਐੱਨ. ਏ. ਈ. ਐੱਸ. ਅਤੇ ਕੂਪਰਰ ਨੇ ਇਸ ਸਬੰਧ ’ਚ ਇਕ ਸਹਿਮਤੀ ਪੱਤਰ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ। ਇਫਕੋ ਮੁਤਾਬਕ ਤਿੰਨੇ ਪੱਖ ਮਿਲ ਕੇ ਅਰਜਨਟੀਨਾ ’ਚ ਨੈਨੋ ਯੂਰੀਆ ਖਾਦ ਨਿਰਮਾਣ ਪਲਾਂਟ ਸਥਾਪਿਤ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣਗੇ। ਇਸ ਤੋਂ ਪਹਿਲਾਂ ਇਫਕੋ ਨੇ ਅਜਿਹਾ ਹੀ ਇਕ ਐੱਮ. ਓ. ਯੂ. ਬ੍ਰਾਜ਼ੀਲ ਦੇ ਸਹਿਕਾਰਤਾ ਸੰਗਠਨ ਓ. ਸੀ. ਬੀ. ਨਾਲ ਕੀਤਾ ਸੀ। ਭਾਰਤੀ ਕਿਸਾਨ ਖਾਦ ਸਹਿਕਾਰੀ ਲਿਮਟਿਡ (ਇਫਕੋ) ਨੇ 31 ਮਈ ਨੂੰ ਤਰਲ ਰੂਪ ਵਿਚ ਦੁਨੀਆ ਦਾ ਪਹਿਲਾ ਨੈਨੋ ਯੂਰੀਆ ਪੇਸ਼ ਕੀਤਾ ਸੀ ਅਤੇ ਚਾਲੂ ਮਹੀਨੇ ’ਚ ਇਸ ਦਾ ਉਤਪਾਦਨ ਵੀ ਸ਼ੁਰੂ ਹੋ ਗਿਆ।
ਤਾਜ਼ਾ ਐੱਮ. ਓ. ਯੂ. ’ਤੇ ਕੂਪਰਰ ਦੇ ਪ੍ਰਧਾਨ ਏਰੀਅਲ ਗਵਾਰਕੋ, ਆਈ. ਐੱਨ. ਏ. ਈ. ਐੱਸ. ਦੇ ਪ੍ਰਧਾਨ ਅਲੈਕਜੈਂਡਰ ਰੋਇਗ ਅਤੇ ਇਫਕੋ ਦੇ ਮਾਰਕੀਟਿੰਗ ਡਾਇਰੈਕਟਰ ਯੋਗੇਂਦਰ ਕੁਮਾਰ ਨੇ ਇਕ ਵਰਚੁਅਲ ਬੈਠਕ ’ਚ ਹਸਤਾਖਰ ਕੀਤੇ। ਤਰਲ ਨੈਨੋ ਯੂਰੀਆ ਨੂੰ ਗੁਜਰਾਤ ਦੇ ਕਲੋਲ ’ਚ ਸਥਿਤ ਇਫਕੋ ਦੇ ਨੈਨੋ ਜੈਵ ਤਕਨਾਲੋਜੀ ਖੋਜ ਕੇਂਦਰ (ਐੱਨ. ਬੀ. ਆਰ. ਸੀ.) ਵਿਚ ਸਵਦੇਸ਼ੀ ਤਕਨੀਕ ਦੇ ਆਧਾਰ ’ਤੇ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਰਵਾਇਤੀ ਯੂਰੀਆ ਦੇ ਮੁਕਾਬਲੇ ਸਸਤੀ ਹੈ।