ਹੁਣ ਡੈਬਿਟ-ਕ੍ਰੈਡਿਟ ਕਾਰਡ ਨਾਲ ਪੇਮੈਂਟ 'ਤੇ ਮਿਲੇਗਾ ਇਹ ਤੋਹਫਾ, ਜੇਬ 'ਤੇ ਘਟੇਗਾ ਭਾਰ

11/22/2017 12:08:08 PM

ਨਵੀਂ ਦਿੱਲੀ— ਜੇਕਰ ਤੁਸੀਂ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਪੇਮੈਂਟ ਐਪ ਜ਼ਰੀਏ ਭੁਗਤਾਨ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਦੇਸ਼ 'ਚ ਡਿਜੀਟਲ ਭੁਗਤਾਨ ਨੂੰ ਵਾਧਾ ਦੇਣ ਲਈ ਸਰਕਾਰ ਇਨ੍ਹਾਂ ਮਾਧਿਅਮਾਂ ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ ਜੀ. ਐੱਸ. ਟੀ. 'ਚ 2 ਫੀਸਦੀ ਛੋਟ ਦੇਣ ਦੀ ਯੋਜਨਾ ਬਣਾ ਰਹੀ ਹੈ। ਜਨਵਰੀ 'ਚ ਹੋਣ ਵਾਲੀ ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ 'ਚ ਇਸ ਪ੍ਰਸਤਾਵ 'ਤੇ ਚਰਚਾ ਹੋਵੇਗੀ। ਪ੍ਰਸਤਾਵ ਮੁਤਾਬਕ ਇਹ ਛੋਟ ਸਿਰਫ ਬਿਜ਼ਨਸ-ਟੂ-ਕੰਜ਼ਿਊਮਰ ਲੈਣ-ਦੇਣ 'ਤੇ ਹੀ ਉਪਲੱਬਧ ਹੋਵੇਗੀ, ਉਹ ਵੀ ਉਨ੍ਹਾਂ ਚੀਜ਼ਾਂ ਜਾਂ ਸੇਵਾਵਾਂ 'ਤੇ ਜਿਨ੍ਹਾਂ 'ਤੇ ਜੀ. ਐੱਸ. ਟੀ. ਦੀ ਦਰ 3 ਫੀਸਦੀ ਜਾਂ ਉਸ ਤੋਂ ਵਧ ਹੈ। ਅਜਿਹੇ 'ਚ ਡਿਜੀਟਲ ਲੈਣ-ਦੇਣ ਜ਼ਰੀਏ ਸਾਮਾਨ ਖਰੀਦਣ 'ਤੇ ਗਾਹਕਾਂ ਨੂੰ ਫਾਇਦਾ ਹੋਵੇਗਾ।

ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਸ ਪਿੱਛੇ ਸਰਕਾਰ ਦਾ ਮਕਸਦ ਡਿਜੀਟਲ ਲੈਣ-ਦੇਣ ਨੂੰ ਵਾਧਾ ਦੇਣ ਦੀ ਹੈ ਅਤੇ ਇਸ ਤਰ੍ਹਾਂ ਦੀ ਛੋਟ ਦੇਣ ਤੋਂ ਵਧੀਆ ਤਰੀਕਾ ਕੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ ਕਿਉਂਕਿ ਗਾਹਕ ਦੁਕਾਨਦਾਰਾਂ ਨੂੰ ਡਿਜੀਟਲ ਭੁਗਤਾਨ ਸਵੀਕਾਰ ਕਰਨ ਦੀ ਮੰਗ ਕਰਨਗੇ। ਜੀ. ਐੱਸ. ਟੀ. ਪ੍ਰੀਸ਼ਦ ਦੀ 10 ਨਵੰਬਰ ਨੂੰ ਗੁਹਾਟੀ 'ਚ ਹੋਈ ਬੈਠਕ ਦੇ ਏਜੰਡੇ 'ਚ ਵੀ ਇਹ ਪ੍ਰਸਤਾਵ ਸ਼ਾਮਲ ਸੀ ਪਰ ਇਸ 'ਤੇ ਚਰਚਾ ਨਹੀਂ ਹੋ ਸਕੀ। ਜੇਕਰ ਇਹ ਪ੍ਰਸਤਾਵ ਲਾਗੂ ਹੁੰਦਾ ਹੈ, ਤਾਂ ਤੁਹਾਨੂੰ 18 ਫੀਸਦੀ ਦੀ ਬਜਾਏ ਸਿਰਫ 16 ਫੀਸਦੀ ਜੀ. ਐੱਸ. ਟੀ. ਦਾ ਹੀ ਭੁਗਤਾਨ ਕਰਨਾ ਹੋਵੇਗਾ। ਇਸ ਯੋਜਨਾ ਤਹਿਤ ਗਾਹਕਾਂ ਨੂੰ ਦੋ ਕੀਮਤਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਨ੍ਹਾਂ 'ਚੋਂ ਇਕ ਨਕਦ ਭੁਗਤਾਨ ਦੇ ਨਾਲ ਖਰੀਦਦਾਰੀ ਕਰਨ 'ਤੇ ਆਮ ਦੀ ਤਰ੍ਹਾਂ ਜੀ. ਐੱਸ. ਟੀ. ਲੱਗੇਗਾ, ਜਦੋਂ ਕਿ ਡਿਜੀਟਲ ਭੁਗਤਾਨ 'ਤੇ 2 ਫੀਸਦੀ ਦੀ ਛੋਟ ਮਿਲੇਗੀ। ਹਾਲਾਂਕਿ ਛੋਟ ਦੀ ਵਧ ਤੋਂ ਵਧ ਲਿਮਟ 100 ਰੁਪਏ ਹੋ ਸਕਦੀ ਹੈ। ਇਸ ਛੋਟ ਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਰੈਵੇਨਿਊ (ਮਾਲੀਏ) ਦੀ ਚਿੰਤਾ ਛੱਡਣੀ ਪਵੇਗੀ ਪਰ ਉਸ ਨੂੰ ਉਮੀਦ ਹੈ ਕਿ ਮੰਗ 'ਚ ਸੁਧਾਰ ਨਾਲ ਇਸ ਦੀ ਪੂਰਤੀ ਹੋ ਜਾਵੇਗੀ। 


Related News