SBI ''ਚ ਹੈ ਖਾਤਾ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਪੇਮੈਂਟ ਹੋ ਜਾਵੇਗੀ ਬੰਦ!

11/15/2018 3:33:52 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਜੇਕਰ ਤੁਹਾਡਾ ਖਾਤਾ ਹੈ, ਤਾਂ ਤੁਹਾਡੇ ਲਈ ਜ਼ਰੂਰੀ ਖਬਰ ਹੈ। ਐੱਸ. ਬੀ. ਆਈ. ਨੇ ਇਕ ਸੂਚਨਾ 'ਚ ਕਿਹਾ ਹੈ ਕਿ ਉਹ ਗਾਹਕ ਜਿਹੜੇ ਇੰਟਰਨੈੱਟ ਬੈਂਕਿੰਗ ਜ਼ਰੀਏ ਪੈਸਿਆਂ ਦਾ ਲੈਣ-ਦੇਣ ਕਰਦੇ ਹਨ ਉਹ ਜਲਦ ਤੋਂ ਜਲਦ ਆਪਣਾ ਮੋਬਾਇਲ ਨੰਬਰ ਖਾਤੇ ਨਾਲ ਰਜਿਸਟਰ ਕਰਾ ਲੈਣ, ਨਹੀਂ ਤਾਂ ਇਹ ਸਰਵਿਸ ਉਨ੍ਹਾਂ ਲਈ ਬੰਦ ਹੋ ਜਾਵੇਗੀ। ਇਸ ਦਾ ਮਤਲਬ ਹੈ ਕਿ ਤੁਹਾਡੀ ਆਨਲਾਈਨ ਕਿਸੇ ਵੀ ਤਰ੍ਹਾਂ ਦੀ ਪੇਮੈਂਟ ਬੰਦ ਹੋ ਸਕਦੀ ਹੈ।

ਐੱਸ. ਬੀ. ਆਈ. ਦੀ ਇੰਟਰਨੈੱਟ ਬੈਂਕਿੰਗ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ 1 ਦਸੰਬਰ ਤੋਂ ਪਹਿਲਾਂ ਆਪਣਾ ਮੋਬਾਇਲ ਨੰਬਰ ਬੈਂਕ 'ਚ ਰਜਿਸਟਰ ਕਰਾਉਣਾ ਹੋਵੇਗਾ, ਯਾਨੀ ਉਨ੍ਹਾਂ ਕੋਲ ਸਿਰਫ 30 ਨਵੰਬਰ ਤਕ ਮੌਕਾ ਹੈ। ਇਹ ਵੀ ਦੱਸ ਦੇਈਏ ਕਿ ਨਵੰਬਰ ਮਹੀਨੇ ਦੇ ਅਖੀਰ 'ਚ ਲਗਾਤਾਰ ਤਿੰਨ ਦਿਨ ਬੈਂਕਾਂ 'ਚ ਛੁੱਟੀ ਹੋਵੇਗੀ। 23 ਨਵੰਬਰ ਨੂੰ ਗੁਰਪੁਰਬ ਮੌਕੇ ਬੈਂਕ ਬੰਦ ਰਹਿਣਗੇ। 24 ਨਵੰਬਰ ਨੂੰ ਚੌਥੇ ਸ਼ਨੀਵਾਰ ਅਤੇ 25 ਨਵੰਬਰ ਨੂੰ ਐਤਵਾਰ ਵੀ ਬੈਂਕਾਂ 'ਚ ਛੁੱਟੀ ਹੋਵੇਗੀ। ਅਜਿਹੇ 'ਚ ਆਪਣਾ ਕੰਮ ਆਖਰੀ ਦਿਨਾਂ 'ਤੇ ਛੱਡਣ ਬਾਰੇ ਨਾ ਸੋਚੋ।

ਬੈਂਕ ਨੇ ਆਪਣੇ ਇੰਟਰਨੈੱਟ ਬੈਂਕਿੰਗ ਯੂਜ਼ਰਸ ਨੂੰ ਕਿਹਾ ਹੈ ਕਿ ਉਹ ਜਲਦ ਹੀ ਆਪਣਾ ਮੋਬਾਇਲ ਨੰਬਰ ਬੈਂਕ 'ਚ ਰਜਿਸਟਰ ਕਰਾ ਲੈਣ। ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਮੋਬਾਇਲ ਨੰਬਰ ਰਜਿਸਟਰ ਕਰਾਉਣ ਲਈ ਉਸ ਬਰਾਂਚ 'ਚ ਜਾਣਾ ਹੋਵੇਗਾ ਜਿੱਥੇ ਉਨ੍ਹਾਂ ਦਾ ਖਾਤਾ ਹੈ। ਐੱਸ. ਬੀ. ਆਈ. ਦੇ ਗਾਹਕ ਆਨਲਾਈਨ ਐੱਸ. ਬੀ. ਆਈ. ਡਾਟ ਕਾਮ 'ਤੇ ਲਾਗਿਨ ਕਰਕੇ ਪ੍ਰੋਫਾਈਲ ਸੈਕਸ਼ਨ 'ਚ ਇਹ ਪਤਾ ਕਰ ਸਕਦੇ ਹਨ ਕਿ ਉਨ੍ਹਾਂ ਦਾ ਮੋਬਾਇਲ ਨੰਬਰ ਬੈਂਕ 'ਚ ਰਜਿਸਟਰ ਹੈ ਜਾਂ ਨਹੀਂ। ਭਾਰਤੀ ਰਿਜ਼ਰਵ ਬੈਂਕ ਦੇ 6 ਜੁਲਾਈ 2017 ਦੇ ਸਰਕੂਲਰ ਮੁਤਾਬਕ ਇਹ ਜ਼ਰੂਰੀ ਹੈ ਕਿ ਬੈਂਕ ਆਪਣੇ ਗਾਹਕਾਂ ਨੂੰ ਐੱਸ. ਐੱਮ. ਐੱਸ. ਅਤੇ ਈ-ਮੇਲ ਜ਼ਰੀਏ ਰਜਿਸਟਰੇਸ਼ਨ ਲਈ ਕਹਿਣ, ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਲੈਣ-ਦੇਣ ਦੀ ਤੁਰੰਤ ਜਾਣਕਾਰੀ ਮਿਲ ਸਕੇ।


Related News